ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪੈ ਸਕਦਾ ਮੀਂਹ

ਚੰਡੀਗੜ੍ਹ, 23 ਨਵੰਬਰ 2024 : ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਮੌਸਮ ਲਗਾਤਾਰ ਬਦਲ ਰਿਹਾ ਹੈ। ਕਈ ਵਾਰ ਧੁੰਦ ਬਹੁਤ ਹੁੰਦੀ ਹੈ ਅਤੇ ਕੁਝ ਵੀ ਦਿਖਾਈ ਨਹੀਂ ਦਿੰਦਾ, ਅਤੇ ਕਈ ਵਾਰ ਮੌਸਮ ਬਿਲਕੁਲ ਸਾਫ਼ ਹੁੰਦਾ ਹੈ। ਹੁਣ ਮੌਸਮ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਬੰਗਾਲ ਦੀ ਖਾੜੀ ਤੋਂ ਪੈਦਾ ਹੋਏ ਚੱਕਰਵਾਤ ਕਾਰਨ ਪੰਜਾਬ ਦਾ ਮੌਸਮ ਵੀ ਬਦਲ ਸਕਦਾ ਹੈ ਅਤੇ ਮੀਂਹ ਪੈ ਸਕਦਾ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਬੰਗਾਲ ਦੀ ਖਾੜੀ ‘ਚ ਬਣੇ ਚੱਕਰਵਾਤ ਕਾਰਨ ਪੰਜਾਬ ਦੇ ਨਾਲ-ਨਾਲ ਹੋਰ ਸੂਬਿਆਂ 'ਚ ਵੀ ਮੌਸਮ ਬਦਲ ਸਕਦਾ ਹੈ। ਇਸ ਚੱਕਰਵਾਤ ਦੇ ਪ੍ਰਭਾਵ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ, ਜਿਸ ਨਾਲ ਸੂਬੇ ਵਿੱਚ ਠੰਢ ਹੋਰ ਵਧ ਸਕਦੀ ਹੈ। ਇਸ ਤੋਂ ਇਲਾਵਾ ਕਈ ਇਲਾਕਿਆਂ ‘ਚ ਧੁੰਦ ਪੈਣ ਦੀ ਵੀ ਸੰਭਾਵਨਾ ਹੈ। ਇਸ ਸਮੇਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦਾ ਪੀਲਾ ਅਲਰਟ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਪੰਜਾਬ ਦਾ ਤਾਪਮਾਨ ਵੀ ਆਮ ਨਾਲੋਂ 2 ਡਿਗਰੀ ਵੱਧ ਹੈ।