- ਪੰਜਾਬ 'ਚ ਕੁੱਲ ਵੋਟਰਾਂ ਦੀ ਗਿਣਤੀ 2.13 ਕਰੋੜ ਤੋਂ ਵੱਧ: ਸਿਬਿਨ ਸੀ
- 24 ਹਜ਼ਾਰ ਤੋਂ ਵਧੇਰੇ ਪੋਲਿੰਗ ਸਟੇਸ਼ਨਾਂ ਉੱਤੇ ਵੋਟਰਾਂ ਲਈ ਸਾਰੀਆਂ ਬੁਨਿਆਦੀ ਸਹੂਲਤਾਂ ਦੀ ਵਿਵਸਥਾ
ਚੰਡੀਗੜ੍ਹ, 7 ਜਨਵਰੀ 2025 : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ. ਨੇ ਸੂਬੇ ਦੀਆਂ ਸਮੂਹ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅੰਤਿਮ ਪ੍ਰਕਾਸ਼ਨਾਂ ਦੀਆਂ ਬਿਨਾਂ ਫੋਟੋ ਵੋਟਰ ਸੂਚੀ ਦੀਆਂ ਸੀਡੀਜ਼ ਸੌਪੀਆਂ ਹਨ। ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਸਿਬਿਨ ਸੀ. ਨੇ ਦੱਸਿਆ ਕਿ 7 ਜਨਵਰੀ, 2025 ਨੂੰ ਅੰਤਿਮ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ ਤੱਕ ਪੰਜਾਬ ਵਿਚ ਕੁੱਲ ਵੋਟਰਾਂ ਦੀ ਗਿਣਤੀ 2 ਕਰੋੜ 13 ਲੱਖ 80 ਹਜ਼ਾਰ 565 ਹੈ। ਜਿਨ੍ਹਾਂ ਵਿੱਚੋਂ ਮਰਦ ਵੋਟਰ 1 ਕਰੋੜ 12 ਲੱਖ 31 ਹਜ਼ਾਰ 744, ਔਰਤਾਂ 1 ਕਰੋੜ 01 ਲੱਖ 48 ਹਜ਼ਾਰ 76, ਤੀਜਾ ਲਿੰਗ 745, ਐਨ.ਆਰ.ਆਈ 1611, ਦਿਵਿਆਂਗ ਵੋਟਰ 1 ਲੱਖ 56 ਹਜ਼ਾਰ 130 ਅਤੇ ਸਰਵਿਸ ਵੋਟਰ 1 ਲੱਖ 1 ਹਜ਼ਾਰ 257 ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਮੇਂ ਪੰਜਾਬ ਵਿੱਚ ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 24 ਹਜ਼ਾਰ 446 ਹੈ, ਜਿਸ ਵਿੱਚ ਸ਼ਹਿਰੀ ਪੋਲਿੰਗ ਸਟੇਸ਼ਨਾਂ ਦੀ ਗਿਣਤੀ 8062 ਅਤੇ ਪੇਂਡੂ ਪੋਲਿੰਗ ਸਟੇਸ਼ਨਾਂ ਦੀ ਗਿਣਤੀ 16,384 ਹੈ। ਉਨ੍ਹਾਂ ਦੱਸਿਆ ਕਿ ਸਾਰੇ ਪੋਲਿੰਗ ਸਟੇਸ਼ਨਾਂ ਉੱਤੇ ਵੋਟਰਾਂ ਲਈ ਰੈਂਪ, ਪੀਣ ਵਾਲਾ ਪਾਣੀ, ਲਾਈਟਿੰਗ, ਬੈਠਣ ਲਈ ਕੁਰਸੀਆਂ ਅਤੇ ਪਖਾਨਿਆਂ ਦੀ ਵਿਵਸਥਾ ਕੀਤੀ ਗਈ ਹੈ।
ਮੁੱਖ ਚੋਣ ਅਧਿਕਾਰੀ ਨੇ ਮੀਟਿੰਗ ਦੌਰਾਨ ਸਿਆਸੀ ਪਾਰਟੀਆਂ ਦੇ ਨੁਮਾਇੰਦੀਆਂ ਨੂੰ ਅਪੀਲ ਕੀਤੀ ਕਿ ਉਹ ਹਰ ਇਕ ਪੋਲਿੰਗ ਸਟੇਸ਼ਨ ‘ਤੇ ਆਪਣੇ ਬੂਥ ਲੈਵਲ ਏਜੰਟ ਨਿਯੁਕਤ ਕਰਨ ਤਾਂ ਜੋ ਅੱਗੋਂ ਵੀ ਵੋਟਰ ਸੂਚੀਆਂ ਪ੍ਰਕਾਸ਼ਨ ਦੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਜਾਰੀ ਰਹੇ। ਮੀਟਿੰਗ ਵਿੱਚ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਐਡੀਸ਼ਨਲ ਸੀਈਓ ਹਰੀਸ਼ ਨਈਅਰ, ਜੁਆਇੰਟ ਸੀਈਓ ਸਕੱਤਰ ਸਿੰਘ ਬੱਲ, ਚੋਣ ਅਧਿਕਾਰੀ ਅੰਜੂ ਬਾਲਾ ਤੋਂ ਇਲਾਵਾ ਸੀਈਓ ਦਫ਼ਤਰ ਦੇ ਉੱਚ ਅਧਿਕਾਰੀ ਹਾਜ਼ਰ ਸਨ।