ਸੁਖਬੀਰ ਸਿੰਘ ਬਾਦਲ ਨੇ ਭਾਰਤ ਸਰਕਾਰ ਵੱਲੋਂ UT ਸਲਾਹਕਾਰ ਦਾ ਅਹੁਦਾ ਖ਼ਤਮ ਕਰਨ ਦੇ ਫੈਸਲੇ ਦੀ  ਨਿਖੇਧੀ

  • ਇਹ ਨਵਾਂ ਫ਼ਰਮਾਨ ਤੁਰੰਤ ਲਿਆ ਜਾਵੇ ਵਾਪਿਸ : ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ, 8 ਜਨਵਰੀ 2025 : ਸੁਖਬੀਰ ਸਿੰਘ ਬਾਦਲ ਨੇ ਭਾਰਤ ਸਰਕਾਰ ਵੱਲੋਂ UT ਸਲਾਹਕਾਰ ਦਾ ਅਹੁਦਾ ਖ਼ਤਮ ਕਰਨ ਦੇ ਫੈਸਲੇ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ “ਭਾਰਤ ਸਰਕਾਰ ਵੱਲੋਂ ਚੰਡੀਗੜ੍ਹ ਲਈ ਪੰਜਾਬ ਦੇ ਰਾਜਪਾਲ ਦੇ ਪ੍ਰਸ਼ਾਸਕ ਦਾ ਅਹੁਦਾ ਬਦਲ ਕੇ ਉਸ ਨੂੰ “ਮੁੱਖ ਸਕੱਤਰ, ਚੰਡੀਗੜ੍ਹ” ਦੇ ਅਹੁਦੇ ਵਿੱਚ ਤਬਦੀਲ ਕਰਨ ਦੇ ਫੈਸਲੇ ਦੀ ਮੈਂ ਸਖ਼ਤ ਨਿਖੇਧੀ ਕਰਦਾ ਹਾਂ ਤੇ ਭਾਰਤ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਇਹ ਨਵਾਂ ਫ਼ਰਮਾਨ ਤੁਰੰਤ ਵਾਪਿਸ ਲਿਆ ਜਾਵੇ । ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨਾਲ ਮਿਲ ਕੇ ਚੰਡੀਗੜ੍ਹ ‘ਤੇ ਪੰਜਾਬ ਦੇ ਦਾਅਵੇ ਨੂੰ ਖਤਮ ਕਰਨ ਲਈ ਇਹ ਨਵੀਂ ਚੱਲੀ ਗਈ ਚਾਲ ਹੈ । ਮੈਂ ਕੇਂਦਰ ਸਰਕਾਰ ਨੂੰ ਜ਼ੋਰ ਨਾਲ ਕਹਿਣਾ ਚਾਹੁੰਦਾ ਹਾਂ ਕਿ ਦੇਸ਼ ਦੀ ਖੜਗ ਭੁਜਾ ਅਤੇ ਅੰਨਦਾਤਾ ਸੂਬੇ ਨੂੰ ਜ਼ਲੀਲ ਤੇ ਲਹੂ ਲੁਹਾਣ ਨਾ ਕਰੇ । ਵਿਤਕਰੇ ਵਾਲੀ ਇਹ ਪਹੁੰਚ ਪਹਿਲੋਂ ਹੀ ਬਹੁਤ ਨੁਕਸਾਨ ਕਰ ਚੁੱਕੀ ਹੈ ਤੇ ਅੱਗੋਂ ਵੀ ਇਹ ਨੁਕਸਾਨਦਾਇਕ ਹੀ ਸਿੱਧ ਹੋਵੇਗੀ । 1966 ਵਿੱਚ ਪੰਜਾਬ ਦੇ ਪੁਨਰਗਠਨ ਵੇਲੇ ਕੀਤੇ ਗਏ ਵਾਅਦਿਆਂ ‘ਚੋਂ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਵਿੱਚ ਸ਼ਾਮਿਲ ਕਰਨਾ ਅਤੇ ਰਿਪੇਰੀਅਨ ਐਕਟ ਅਨੁਸਾਰ ਦਰਿਆਈ ਪਾਣੀਆਂ ‘ਤੇ ਪੰਜਾਬ ਦਾ ਅਧਿਕਾਰ ਸਮੇਤ ਪੰਜਾਬ ਦੇ ਹੱਕਾਂ ਸੰਬੰਧੀ ਮਸਲੇ ਜਿਓਂ ਦੇ ਤਿਓਂ ਖੜੇ ਹਨ । ਮੈਂ ਸਮੂਹ ਪੰਜਾਬੀਆਂ ਨੂੰ ਕੇਂਦਰ ਵੱਲੋਂ ਕੀਤੇ ਜਾ ਰਹੇ ਪੰਜਾਬ ਵਿਰੋਧੀ ਫ਼ੈਸਲਿਆਂ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੇਂਦਰ ਨਾਲ ਮਿਲੀਭੁਗਤ ਬਾਰੇ ਵੀ ਸੁਚੇਤ ਕਰਦਾ ਹਾਂ।”