ਚੰਡੀਗੜ੍ਹ, 22 ਅਕਤੂਬਰ 2024 : ਦਲਵੀਰ ਗੋਲਡੀ ਸਾਬਕਾ ਵਿਧਾਇਕ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਦਲਵੀਰ ਗੋਲਡੀ ਨੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਸੀ। ਸੀਐੱਮ ਭਗਵੰਤ ਮਾਨ ਨੇ ਉਨ੍ਹਾਂ ਨੂੰ ਪਾਰਟੀ ਜੁਆਇਨ ਕਰਵਾਈ ਸੀ। ਦਲਵੀਰ ਗੋਲਡੀ ਦਾ ਕਹਿਣਾ ਹੈ ਕਿ ਬਰਨਾਲਾ ਵਿਧਾਨ ਸਭਾ ਜ਼ਿਮਨੀ ਚੋਣ ਲਈ ਉਨ੍ਹਾਂ ਨੇ ‘ਆਪ’ ਤੋਂ ਟਿਕਟ ਨਹੀਂ ਮੰਗੀ ਸੀ ਅਤੇ ਨਾ ਹੀ ਆਮ ਆਦਮੀ ਪਾਰਟੀ ਜੁਆਇਨ ਕਰਨ ਵੇਲੇ ਕੋਈ ਅਜਿਹਾ ਵਾਅਦਾ ਹੋਇਆ। ਉਨ੍ਹਾਂ ਕਿਹਾ ਕਿ ਉਹ 6 ਮਹੀਨਿਆਂ ਤੋਂ ਆਪਣੇ ਘਰ ਬੈਠੇ ਹਨ ਅਤੇ ਹੁਣ ਉਹ ਕਿਸੇ ਪਾਰਟੀ ਦਾ ਹਿੱਸਾ ਨਹੀਂ ਹਨ। ਦਲਬੀਰ ਗੋਲਡੀ ਨੇ ਇੱਕ ਨਿੱਜੀ ਚੈੱਨਲ ਨੂੰ ਦਿੱਤੇ ਆਪਣੇ ਇੰਟਰਵਿਊ ਵਿੱਚ ਕਿਹਾ ਕਿ ਮੈਂ ਕਈ ਮਹੀਨਿਆਂ ਪਾਰਟੀ ਦੀ ਕਿਸੇ ਵੀ ਗਤੀਵਿਧੀ ਵਿੱਚ ਸ਼ਾਮਲ ਨਹੀਂ ਹੋ ਰਿਹਾ ਹਾਂ। ਫਿਲਹਾਲ ਮੈਂ ਸਾਰੀਆਂ ਪਾਰਟੀਆਂ ਤੋਂ ਦੂਰੀ ਬਣਾਈ ਹੋਈ ਹੈ। ਉਹਨਾਂ ਨੇ ਕਿਹਾ ਕਿ ਮੈਂ ਆਪਣਾ ਹਲਕਾ ਧੂਰੀ ਛੱਡ ਕਿਸੇ ਹੋਰ ਥਾਂ ਉਤੇ ਨਹੀਂ ਜਾਵਾਂਗਾ। ਉਹਨਾਂ ਨੇ ਕਿਹਾ ਕਿ ਜੇਕਰ 2027 ਵਿੱਚ ਮੈਨੂੰ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਚੋਣ ਲੜਨੀ ਪਈ ਤਾਂ ਮੈਂ ਜ਼ਰੂਰ ਲੜਾਂਗਾ।