ਮੁਹਾਲੀ : ਜ਼ਿਲ੍ਹਾ ਐਸ.ਏ.ਐਸ.ਨਗਰ ਲਈ ਇਹ ਮਾਣ ਵਾਲੀ ਗੱਲ ਹੈ ਜਦੋਂ ਕੇਂਦਰ ਸਰਕਾਰ ਵੱਲੋਂ ਨਵੀਂ ਦਿੱਲੀ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਨਗਰ ਨਿਗਮ ਐਸ.ਏ.ਐਸ.ਨਗਰ ਅਤੇ ਮਿਉਂਸਪਲ ਕਮੇਟੀ ਖਰੜ ਨੇ ਸਵੱਛ ਭਾਰਤ ਮਿਸ਼ਨ ਤਹਿਤ ਰਾਸ਼ਟਰੀ ਸਵੱਛਤਾ ਪੁਰਸਕਾਰ ਜਿੱਤੇ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਨਗਰ ਨਿਗਮ ਮੁਹਾਲੀ ਦੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਨੇ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਤਹਿਤ ਭਾਰਤੀ ਸਵੱਛਤਾ ਲੀਗ 17 ਸਤੰਬਰ 2022 ਨੂੰ ਪੂਰੇ ਭਾਰਤ ਵਿੱਚ ਸ਼ੁਰੂ ਕੀਤੀ ਗਈ ਸੀ। ਸਵੱਛ ਅਤੇ ਹਰਿਆ ਭਰਿਆ ਸ਼ਹਿਰਾਂ ਲਈ ਨੌਜਵਾਨਾਂ ਦੀ ਭਾਗੀਦਾਰੀ ਅਤੇ ਭਾਈਚਾਰਕ ਲਾਮਬੰਦੀ ਲਈ ਵੱਖ-ਵੱਖ ਗਤੀਵਿਧੀਆਂ ਦੀ ਯੋਜਨਾ ਬਣਾਈ ਗਈ ਸੀ। ਜ਼ਿਲ੍ਹਾ ਐਸ.ਏ.ਐਸ.ਨਗਰ ਨੂੰ 50 ਤੋਂ 1 ਲੱਖ ਆਬਾਦੀ ਵਿੱਚ ਮਿਉਂਸਪਲ ਕਮੇਟੀ ਖਰੜ ਅਤੇ 1 ਲੱਖ ਤੋਂ 3 ਲੱਖ ਆਬਾਦੀ ਦੀ ਸ਼੍ਰੇਣੀ ਵਿੱਚ ਮੁਹਾਲੀ ਨਗਰ ਨਿਗਮ ਨੂੰ 2 ਇਨਾਮ ਦਿੱਤੇ ਗਏ ਹਨ।ਨਗਰ ਨਿਗਮ ਮੁਹਾਲੀ ਲਈ ਐਵਾਰਡ ਡਾ: ਦਮਨਦੀਪ ਕੌਰ ਪੀ.ਸੀ.ਐਸ ਸੰਯੁਕਤ ਕਮਿਸ਼ਨਰ ਅਤੇ ਵਰਿੰਦਰ ਜੈਨ ਸਹਾਇਕ ਕਮਿਸ਼ਨਰ ਨੇ ਪ੍ਰਾਪਤ ਕੀਤਾ ਜਦਕਿ ਮਿਉਂਸਪਲ ਕਮੇਟੀ ਖਰੜ ਲਈ ਇਨਾਮ ਈ.ਓ ਮਨਬੀਰ ਸਿੰਘ ਗਿੱਲ ਅਤੇ ਪ੍ਰਧਾਨ ਜਸਪ੍ਰੀਤ ਕੌਰ ਨੇ ਪ੍ਰਾਪਤ ਕੀਤਾ। ਭਾਰਤ ਦੇ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਸ਼੍ਰੀ ਕੌਸ਼ਲ ਕਿਸ਼ੋਰ ਅਤੇ ਸੰਯੁਕਤ ਸਕੱਤਰ ਮੌਹਾ ਸ਼੍ਰੀਮਤੀ ਰੂਪਾ ਮਿਸ਼ਰਾ ਆਈਏਐਸ ਦੁਆਰਾ ਪੁਰਸਕਾਰ ਪ੍ਰਦਾਨ ਕੀਤੇ ਗਏ।