- ਪੰਜਾਬ, ਦਿੱਲੀ, ਆਈ.ਬੀ.ਐਸ.ਓ., ਰਾਜਸਥਾਨ, ਹਰਿਆਣਾ, ਤਾਮਿਲਨਾਡੂ, ਝਾਰਖੰਡ ਅਤੇ ਛੱਤੀਸਗੜ੍ਹ ਟੀਮਾਂ ਕੁਆਰਟਰ ਫਾਈਨਲ ਵਿਚ
- ਟੀਮਾਂ ਨੂੰ ਐਨ ਆਈ ਐਸ ਵਿਖੇ ਵਿਸ਼ੇਸ਼ ਦੌਰਾ ਕਰਵਾਇਆ
ਪਟਿਆਲਾ, 10 ਜਨਵਰੀ : 67ਵੀਆਂ ਨੈਸ਼ਨਲ ਸਕੂਲ ਖੇਡਾਂ 2023-24 ਦੇ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਹਾਈ ਬ੍ਰਾਂਚ ਵਿਖੇ ਚੱਲ ਰਹੇ ਬਾਸਕਟਬਾਲ ਲੜਕੇ ਅੰਡਰ 19 ਮੁਕਾਬਲੇ 6-11 ਜਨਵਰੀ ਤੱਕ ਆਯੋਜਿਤ ਕੀਤੇ ਜਾ ਰਹੇ ਹਨ। ਇਸ ਸੰਬੰਧੀ ਹਰਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਦੀ ਅਗਵਾਈ ਹੇਠ ਨੈਸ਼ਨਲ ਸਕੂਲ ਖੇਡਾਂ 2023-24 ਦਾ ਆਯੋਜਨ ਪਟਿਆਲਾ ਵਿਖੇ ਕੀਤਾ ਜਾ ਰਿਹਾ ਹੈ ਜਿਸ ਦੇ ਚੌਥੇ ਦਿਨ ਬਾਸਕਟਬਾਲ ਲੜਕੇ ਅੰਡਰ 19 ਦੇ ਪ੍ਰੀ-ਕੁਆਰਟਰ ਫਾਈਨਲ ਮੈਚ ਖੇਡੇ ਗਏ। ਇਸ ਦੌਰਾਨ ਸ਼ਹਿਰ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਖਿਡਾਰੀਆਂ ਦਾ ਹੌਸਲਾ ਵਧਾਇਆ। ਐਸਪੀ ਚੰਦ ਸਿੰਘ ਨੇ ਖਿਡਾਰੀਆਂ ਨੂੰ ਖੇਡਾਂ ਦੀ ਨੌਕਰੀ ਪ੍ਰਾਪਤੀ ਲਈ ਮਹੱਤਤਾ ਦੇ ਨਾਲ ਨਾਲ ਸਿਹਤਮੰਦ ਅਤੇ ਨਰੋਏ ਜੀਵਨ ਬਾਰੇ ਦੱਸਿਆ। ਇਸ ਤੋਂ ਇਲਾਵਾ ਮੇਜ਼ਬਾਨ ਸਕੂਲ ਦੇ ਪ੍ਰਿੰਸੀਪਲ ਵਿਜੈ ਕਪੂਰ ਨੇ ਟੂਰਨਾਮੈਂਟ ਦੇ ਆਯੋਜਨ ਵਿੱਚ ਕਾਰਜ ਕਰ ਰਹੇ ਸਕੂਲ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਵਧੀਆ ਸਹਿਯੋਗ ਦੇਣ ਲਈ ਉਤਸ਼ਾਹਿਤ ਕੀਤਾ। ਡਿਪਟੀ ਡੀਈਓ ਰਵਿੰਦਰਪਾਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਟੂਰਨਾਮੈਂਟ ਵਿੱਚ ਭਾਗ ਲੈਣ ਪਹੁੰਚੀਆਂ ਟੀਮਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ, ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਵੱਲੋਂ ਪਟਿਆਲਾ ਸ਼ਹਿਰ ਦੇ ਮਹੱਤਵ ਪੂਰਨ ਸਥਾਨਾਂ ਦਾ ਦੌਰਾ ਕਰਵਾਇਆ ਗਿਆ। ਜਿਸ ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (ਐਨ.ਆਈ.ਐੱਸ.) ਟੀਮਾਂ ਨੇ ਬਹੁਤ ਹੀ ਜ਼ਿਆਦਾ ਉਤਸੁਕਤਾ ਦਿਖਾਈ। ਵਨੀਤ ਕੁਮਾਰ ਕਾਰਜਕਾਰੀ ਡਾਇਰੈਕਟਰ ਅਤੇ ਮੰਗਾ ਸਿੰਘ ਲਾਇਬ੍ਰੇਰੀਅਨ ਨੇ ਖਿਡਾਰੀਆਂ ਨੂੰ ਐਨ.ਆਈ.ਐੱਸ ਦੇ ਬਾਰੇ ਜਾਣਕਾਰੀ ਦਿੱਤੀ। ਦੇਸ਼ ਦੀ ਇਸ ਮਾਣਮੱਤੀ ਸੰਸਥਾ ਵਿੱਚ ਦੇਸ਼ ਦੇ ਬਹੁਤ ਸਾਰੇ ਖਿਡਾਰੀ ਤਿਆਰ ਹੋਏ ਹਨ ਅਤੇ ਭਾਰਤ ਦਾ ਨਾਮ ਅੰਤਰ-ਰਾਸ਼ਟਰੀ ਪੱਧਰ ਤੇ ਚਮਕਾਇਆ ਹੈ। ਕੁਬੇਰ ਦਾਸ ਮੈਨੇਜਰ ਤਾਮਿਲਨਾਡੂ ਨੇ ਦੱਸਿਆ ਕਿ ਉਹਨਾਂ ਪਹਿਲੀ ਵਾਰ ਐਨ.ਆਈ.ਐੱਸ ਪਟਿਆਲਾ ਵਿਖੇ ਦੌਰਾ ਕਰਕੇ ਬਹੁਤ ਵਧੀਆ ਲੱਗਿਆ ਹੈ। ਉਹਨਾਂ ਕਿਹਾ ਕਿ ਇਹ ਮੇਰਾ ਸੁਫ਼ਨਾ ਸੀ ਕਿ ਐਨ.ਆਈ.ਐੱਸ ਦੇਖਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ, ਖੇਡ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਇਹ ਸ਼ਾਨਦਾਰ ਮੌਕਾ ਦਿੱਤਾ ਹੈ। ਇਸ ਮੌਕੇ ਸਮੂਹ ਖਿਡਾਰੀਆਂ ਨੇ ਵੀ ਐਨ.ਆਈ.ਐੱਸ ਦਾਦਰਾ ਕਰਕੇ ਖੁਸ਼ੀ ਪ੍ਰਗਟ ਕੀਤੀ। ਇਸ ਮੌਕੇ ਗੁਰਪ੍ਰੀਤ ਸਿੰਘ ਨਾਮਧਾਰੀ ਨੈਸ਼ਨਲ ਅਵਾਰਡੀ ਅਧਿਆਪਕ, ਪ੍ਰਿੰਸੀਪਲ ਰਜਨੀਸ਼ ਗੁਪਤਾ, ਰਾਜਿੰਦਰ ਸਿੰਘ ਚਾਨੀ, ਅਮਰਜੋਤ ਸਿੰਘ, ਜਸਵੀਰ ਸਿੰਘ ਕੋਚ, ਇਰਵਿਨ ਕੌਰ, ਪ੍ਰਿੰਸੀਪਲ ਵਿਕਰਮਜੀਤ ਸਿੰਘ, ਪ੍ਰਿੰਸੀਪਲ ਜਸਪਾਲ ਸਿੰਘ, ਗੁਰਪ੍ਰੀਤ ਸਿੰਘ ਸੀਨੀਅਰ ਸਹਾਇਕ, ਜਗਜੀਤ ਸਿੰਘ ਵਾਲੀਆ, ਅਮਰਿੰਦਰ ਸਿੰਘ ਬਾਬਾ, ਲਲਿਤ ਮੋਦਗਿਲ, ਰਾਜੀਵ ਕੁਮਾਰ ਅਤੇ ਹੋਰ ਹਾਜ਼ਰ ਸਨ।
ਪ੍ਰੀ-ਕੁਆਰਟਰ ਫਾਈਨਲ ਦੇ ਨਤੀਜੇ :
ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਹਾਈ ਬ੍ਰਾਂਚ ਵਿਖੇ ਹੋਏ ਪ੍ਰੀ-ਕੁਆਰਟਰ ਫਾਈਨਲ ਨਾਕ-ਆਉਟ ਮੈਚਾਂ ਵਿੱਚ ਪੰਜਾਬ ਨੇ ਕੇਰਲ ਨੂੰ 112-54 ਅੰਕਾਂ ਨਾਲ ਹਰਾਇਆ। ਇਸ ਤੋਂ ਇਲਾਵਾ ਆਈਬੀਐਸਓ ਨੇ ਮੱਧ ਪ੍ਰਦੇਸ਼ ਨੂੰ 106-76 ਅੰਕਾਂ ਨਾਲ, ਦਿੱਲੀ ਨੇ ਕਰਨਾਟਕ ਨੂੰ 73-53 ਅੰਕਾਂ ਨਾਲ, ਹਰਿਆਣਾ ਨੇ ਸੀਆਈਐਸਸੀਈ ਨੂੰ 92-74 ਅੰਕਾਂ ਨਾਲ, ਰਾਜਸਥਾਨ ਨੇ ਓੜੀਸਾ ਨੂੰ 81-43 ਅੰਕਾਂ ਨਾਲ, ਤਾਮਿਲਨਾਡੂ ਨੇ ਨਵੋਦਿਆ ਵਿਦਿਆਲਿਆ ਨੂੰ 58-28 ਅੰਕਾਂ ਨਾਲ, ਝਾਰਖੰਡ ਨੇ ਗੁਜਰਾਤ ਨੂੰ 71-47 ਅੰਕਾਂ ਨਾਲ ਅਤੇ ਚੰਡੀਗੜ੍ਹ ਨੇ ਮਹਾਰਾਸ਼ਟਰ ਨੂੰ 77-57 ਅੰਕਾਂ ਨਾਲ ਹਰਾਇਆ।