ਗੁਰਦਾਸਪੁਰ 1 ਜੂਨ : ਤੇਪਈ ਏਸ਼ੀਅਨ ਓਪਨ ਜੂਡੋ ਚੈਂਪੀਅਨਸ਼ਿਪ 2023 ਮਿਤੀ 1 ਜੂਨ ਤੋਂ 2 ਜੂਨ ਵਿੱਚ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਹੋਣਹਾਰ ਜੂਡੋਕਾ ਜਸਲੀਨ ਸੈਣੀ 25 ਸਾਲ ਨੇ 66 ਕਿਲੋ ਭਾਰ ਵਰਗ ਵਿੱਚ ਕੋਰੀਆ ਗਣਰਾਜ ਦੇ ਪਾਰਕ ਛਨਵਿਉ ਨੂੰ ਹਰਾਕੇ ਗੋਲਡ ਮੈਡਲ ਜਿੱਤ ਕੇ ਭਾਰਤ ਦਾ ਤਿਰੰਗਾ ਲਹਿਰਾਇਆ। ਜਾਣਕਾਰੀ ਦਿੰਦਿਆਂ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਜਸਲੀਨ ਸੈਣੀ 2024 ਦੀ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਵਾਸਤੇ ਜਦੋਜਹਿਦ ਕਰ ਰਿਹਾ ਹੈ। ਪਿਛਲੇ ਇਕ ਮਹੀਨੇ ਤੋਂ ਇਸ ਸੰਘਰਸ਼ ਵਿਚ ਪੈਰ ਪਾਉਣ ਤੋਂ ਬਾਅਦ ਜਸਲੀਨ ਨੇ ਤਜ਼ਾਕਿਸਤਾਨ ਵਿਖੇ 2 ਜੂਨ ਨੂੰ ਦਿਹਾੜੇ ਗ੍ਰੈਂਡ ਪਿਰਕਸ,16 ਜੂਨ ਕਜ਼ਾਕਿਸਤਾਨ ਵਿਚ ਗ੍ਰੈਂਡ ਸਲੈਮ, 23 ਜੂਨ ਨੂੰ ਮੰਗੋਲੀਆ ਵਿਖੇ ਗ੍ਰੈਂਡ ਸਲੈਮ ਵਿਚ ਭਾਗ ਲੈਣ ਉਪਰੰਤ ਇਸ ਚੈਂਪੀਅਨਸ਼ਿਪ ਵਿੱਚ ਮੈਡਲ ਜਿਤਕੇ ਦੇਸ਼ ਦਾ ਨਾਮ ਉੱਚਾ ਕੀਤਾ ਹੈ। ਜਸਲੀਨ ਨਾਲ ਪਰਛਾਵੇਂ ਵਾਂਗ ਚਿੰਬੜੇ ਉਸ ਦੇ ਕੋਚ ਰਵੀ ਕੁਮਾਰ ਨੇ ਦੱਸਿਆ ਕਿ ਅੱਜ ਤੋਂ 9 ਸਾਲ ਪਹਿਲਾਂ ਤੇਪਈ ਵਿਖੇ ਜਸਲੀਨ ਸੈਣੀ ਜੂਨੀਅਰ ਕੈਡਿਟ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਕੇ ਇਤਿਹਾਸ ਨੂੰ ਮੁੜ ਸੁਰਜੀਤ ਕੀਤਾ ਹੈ। ਇਸ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਣ ਨਾਲ ਉਹ ਵਿਸ਼ਵ ਪੱਧਰੀ ਦਰਜਾਬੰਦੀ ਵਿੱਚ 107 ਦੇ ਸਥਾਨ ਤੇ ਪਹੁੰਚ ਗਿਆ ਹੈ। ਜਸਲੀਨ ਸੈਣੀ ਏਸ਼ੀਅਨ ਖੇਡਾਂ ਲਈ ਵੀ ਕੁਆਲੀਫਾਈ ਕਰ ਚੁੱਕਿਆ ਹੈ। ਉਸ ਦੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਉਸ ਨੂੰ ਵਿਸ਼ਵ ਪੱਧਰੀ ਟ੍ਰੇਨਿੰਗ ਲਈ ਜਾਪਾਨ ਜਾਂ ਜੋਰਜੀਆ ਭੇਜਿਆ ਜਾਵੇ ਤਾਂ ਕਿ ਉਹ ਸਖ਼ਤ ਮਿਹਨਤ ਕਰਕੇ ਏਸ਼ੀਆ ਵਿੱਚ ਮੈਡਲ ਜਿੱਤ ਸਕੇ। ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਜਸਲੀਨ ਨੂੰ ਇਹ ਸਾਰੇ ਵਿਸ਼ਵ ਪੱਧਰੀ ਮੈਚ ਖੇਡਣ ਲਈ ਆਪਣੇ ਜਾਣਕਾਰਾਂ ਸੱਜਣ ਮਿੱਤਰਾਂ ਤੋਂ ਆਰਥਿਕ ਮੱਦਦ ਪ੍ਰਾਪਤ ਕਰਨ ਲਈ ਹੱਥ ਅੱਡਣੇ ਪਏ ਹਨ। ਅਮਰੀਕਾ ਦੀ ਯੂਨੀਵਰਸਿਟੀ ਨਾਰਥ ਐਲਬਾਮਾਂ ਦੇ ਭਾਰਤੀ ਪ੍ਰਤਿਨਿਧ ਮਿਸਟਰ ਰਾਜਨ ਨੇ ਇਹਨਾਂ ਟੂਰਨਾਮੈਂਟ ਵਿਚ ਭਾਗ ਲੈਣ ਲਈ ਇਕ ਲੱਖ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਹੈ। ਜੂਡੋ ਯੂਨੀਅਨ ਆਫ਼ ਏਸ਼ੀਆ ਦੇ ਜਰਨਲ ਸਕੱਤਰ ਸ੍ਰੀ ਮੁਕੇਸ਼ ਕੁਮਾਰ ਨੇ ਭਾਰਤੀ ਖਿਡਾਰੀ ਦੇ ਗੋਲਡ ਮੈਡਲ ਜਿੱਤਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਅੱਗੇ ਤੋਂ ਹਰ ਸੰਭਵ ਮਦਦ ਕਰਨ ਦਾ ਵਿਸ਼ਵਾਸ ਦਿਵਾਇਆ ਹੈ। ਜਸਲੀਨ ਸਿੰਘ ਦੀ ਸੁਨਹਿਰੀ ਪ੍ਰਾਪਤੀ ਤੇ ਪੰਜਾਬ ਜੂਡੋ ਐਸੋਸੀਏਸ਼ਨ ਦੇ ਚੇਅਰਮੈਨ ਸ੍ਰ ਪ੍ਰਤਾਪ ਸਿੰਘ ਬਾਜਵਾ, ਜਰਨਲ ਸਕੱਤਰ ਦੇਵ ਸਿੰਘ ਧਾਲੀਵਾਲ ਐਸ ਐਸ ਪੀ ਵਿਜੀਲੈਂਸ ਸ੍ਰ ਵਰਿੰਦਰ ਸੰਧੂ, ਟੈਕਨੀਕਲ ਸਕੱਤਰ ਸੁਰਿੰਦਰ ਕੁਮਾਰ, ਪੀ ਏ ਪੀ ਦੇ ਜੂਡੋ ਕੋਚ ਕੁਲਜਿੰਦਰ ਸਿੰਘ, ਸਤੀਸ਼ ਕੁਮਾਰ, ਕਪਿਲ ਕੌਂਸਲ, ਰਾਜ ਕੁਮਾਰ, ਜਤਿੰਦਰ ਪਾਲ ਸਿੰਘ, ਨਵੀਨ ਕੁਮਾਰ, ਸੁਖਚੈਨ ਸਿੰਘ ਜ਼ਿਲ੍ਹਾ ਖੇਡ ਅਫ਼ਸਰ, ਮੈਡਮ ਬਲਵਿੰਦਰ ਕੌਰ, ਨਵੀਨ ਸਲਗੋਤਰਾ, ਦਿਨੇਸ਼ ਕੁਮਾਰ, ਅਤੁਲ ਕੁਮਾਰ ਅਤੇ ਸਮੂਹ ਜੂਡੋ ਖੇਡ ਪ੍ਰੇਮੀਆਂ ਨੇ ਆਸ ਪ੍ਰਗਟਾਈ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਆਪਣੀ ਜਿੱਤ ਦੀ ਲੈਅ ਨੂੰ ਬਰਕਰਾਰ ਰੱਖੇਗਾ।