ਬਟਾਲਾ : ਸੁਰਜੀਤ ਸਪਰੋਟਸ ਐਸੋਸੀਏਸ਼ਨ (ਰਜਿ) ਬਟਾਲਾ ਵੱਲੋਂ ਨੇੜਲੇ ਪਿੰਡ ਕੋਟਲਾ ਸ਼ਾਹੀਆ ਦੇ ਸੁਰਜੀਤ-ਕਮਲਜੀਤ ਖੇਡ ਕੰਪਲੈਕਸ ਵਿਖੇ ਕਰਵਾਈਆਂ ਜਾ ਰਹੀਆਂ ਚਾਰ ਰੋਜ਼ਾ 29ਵੀਂ ਕਮਲਜੀਤ ਖੇਡਾਂ-2022 ਅੱਜ ਸ਼ਾਨਦਾਰ ਰੰਗਾਰੰਗ ਉਦਘਾਟਨੀ ਸਮਾਰੋਹ ਨਾਲ ਸ਼ੁਰੂ ਹੋ ਗਈਆਂ। ਪੰਜਾਬ ਦੇ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਇਨ੍ਹਾਂ ਖੇਡਾਂ ਦਾ ਰਸਮੀ ਉਦਘਾਟਨ ਕੀਤਾ ਗਿਆ। ਉਨ੍ਹਾਂ ਖਿਡਾਰੀਆਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ। ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਬਟਾਲਾ ਤੋਂ ਵਿਧਾਇਕ ਅਤੇ ਖੇਡਾਂ ਦੇ ਮੁੱਖ ਪ੍ਰਬੰਧਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕੀਤੀ। ਇਸ ਮੌਕੇ ਪਿ੍ਰਥੀਪਾਲ ਸਿੰਘ ਐਸ.ਪੀ ਗੁਰਦਾਸਪੁਰ, ਲਖਵਿੰਦਰ ਸਿੰਘ ਨਾਇਬ ਤਹਿਸੀਲਦਾਰ, ਅੰਮ੍ਰਿਤ ਕਲਸੀ, ਸੁਰਜੀਤ ਸਪੋਰਟਸ ਐਸ਼ੋਸ਼ੀਏਸ਼ਨ ਰਜਿ. ਬਟਾਲਾ ਦੇ ਨੁਮਾਇੰਦੇ ਨਿਸ਼ਾਨ ਸਿੰਘ ਰੰਧਾਵਾ, ਦਵਿੰਦਰ ਸਿੰਘ ਕਾਲਾ ਨੰਗਲ, ਇੰਜੀ. ਜਗਦੀਸ਼ ਸਿੰਘ ਬਾਜਵਾ, ਕਰਮਪਾਲ ਸਿੰਘ ਢਿੱਲੋਂ, ਰਣਜੀਤ ਸਿੰਘ, ਡਾ ਕਮਲ ਕਾਹਲੋਂ, ਅਮਰੀਕ ਸਿੰਘ ਢਿੱਲੋਂ, , ਵਰੁਣ ਕੇਵਲ, ਰਵਿੰਦਰਪਾਲ ਸਿੰਘ ਡੀ ਐਸਪੀ,ਬਲਜੀਤ ਸਿੰਘ ਕਾਲਾਨੰਗਲ, ਰਾਜਿੰਦਰਪਾਲ ਸਿੰਘ ਧਾਲੀਵਾਲ,ਮੁਸ਼ਤਾਕ ਗਿੱਲ, ਦਿਲਬਾਗ ਸਿੰਘ, ਸੰਜੀਵ ਗੁਪਤਾ, ਰਾਜਵਿੰਦਰ ਸਿੰਘ, ਮਨਜੀਤ ਸਿੰਘ ਭੁੱਲਰ, ਦਵਿੰਦਰ ਸਿੰਘ ਕਾਲਾਨੰਗਲ, ਸਿਮਰਨਜੀਤ ਸਿੰਘ ਰੰਧਾਵਾ, ਜਸਵੰਤ ਸਿੰਘ ਢਿੱਲੋਂ, ਬਲਰਾਜ ਸਿੰਘ ਵਾਲੀਵਾਲ ਕੋਚ, ਕੁਲਬੀਰ ਸਿੰਘ ਜੀਈ ਆਦਿ ਹਾਜਰ ਸਨ। ਕੈਬਿਨਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਪੰਜਾਬ ਦੀ ਅਗਵਾਈ ਹੇਠ ਸੂਬੇ ਅੰਦਰ ਖੇਡ ਸੱਭਿਆਚਾਰ ਪ੍ਰਫੁੱਲਤ ਕਨ ਲਈ ਵਿਸ਼ੇਸ ਉਪਰਾਲੇ ਕੀਤੇ ਗਏ ਹਨ, ਜਿਸ ਦੇ ਚੱਲਦਿਆਂ ਸੂਬੇ ਅੰਦਰ ‘ ਖੇਡਾਂ ਵਤਨ ਪੰਜਾਬ ਦੀਆਂ’ ਕਰਵਾਈਆਂ ਗਈਆਂ ਸਨ, ਜਿਸ ਵਿੱਚ ਖਿਡਾਰੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ।ਰਾਸ਼ਟਰਮੰਡਲ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ 9.30 ਕਰੋੜ ਰੁਪਏ ਦੇ ਨਗਦ ਇਨਾਮ ਦਿੱਤੇ। ਉਨ੍ਹਾਂ ਅੱਗੇ ਕਿਹਾ ਕਿ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਕਰਨ ਦੇ ਮੰਤਵ ਨਾਲ ਪੰਜਾਬ ਸਰਕਾਰ ਪਿੰਡਾਂ ਤੇ ਸ਼ਹਿਰੀ ਖੇਤਰਾਂ ਵਿੱਚ ਖੇਡਾਂ ਨੂੰ ਉਤਸ਼ਾਹਤ ਕਰ ਰਹੀ ਹੈ। ਖੇਡਾਂ ਤੰਦਰੁਸਤੀ, ਅਨੁਸ਼ਾਸਨ, ਇੱਕਜੁੱਟਤਾ ਤੇ ਆਪਸੀ ਸਹਿਯੋਗ ਤੇ ਭਾਈਚਾਰਾ ਦਾ ਪ੍ਰਤੀਕ ਹਨ। ਉਨ੍ਹਾਂ ਕਮਲਜੀਤ ਖੇਡਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਨ੍ਹਾਂ ਖੇਡਾਂ ਰਾਹੀ ਖਿਡਾਰੀਆਂ ਨੂੰ ਆਪਣੀ ਕਲਾ ਦਿਖਾਉਣ ਦਾ ਮੌਕਾ ਮਿਲਦਾ ਹੈ ਅਤੇ ਨਾਮਵਰ ਖਿਡਾਰੀਆਂ ਦਾ ਮਾਣ ਸਨਮਾਨ ਕੀਤਾ ਜਾਂਦਾ ਹੈ।ਖੇਡ ਸੱਭਿਆਚਾਰ ਪੈਦਾ ਕਰਨ ਵਿੱਚ ਐਸੋਸੀਏਸ਼ਨ ਦਾ ਵੱਡਾ ਯੋਗਦਾਨ ਹੈ ਜਿਹੜੇ ਮਹਾਨ ਹਾਕੀ ਖਿਡਾਰੀ ਸੁਰਜੀਤ ਸਿੰਘ ਤੇ ਅਥਲੀਟ ਕਮਲਜੀਤ ਸਿੰਘ ਦੀ ਯਾਦ ਨੂੰ ਸਦੀਵੀਂ ਕਾਇਮ ਰੱਖ ਰਹੇ ਹਨ। ਇਸ ਮੌਕੇ ਉਨ੍ਹਾਂ ਸੁਰਜੀਤ ਸਪੋਰਟਸ ਐਸ਼ੋਸ਼ੀਏਸ਼ਨ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਵਿਧਾਇਕ ਅਤੇ ਖੇਡਾਂ ਦੇ ਮੁੱਖ ਪ੍ਰਬੰਧਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਝੇ ਦੀਆਂ ਪ੍ਰਸਿੱਧ ਇਹ ਖੇਡਾਂ ਓਲੰਪਿਕ ਚਾਰਟਰ ਦੀਆਂ ਖੇਡਾਂ ਹਨ ਜਿਸ ਵਿੱਚ ਮੁੱਖ ਤੌਰ ਉਤੇ ਅਥਲੈਟਿਕਸ ਦੇ ਟਰੈਕ ਤੇ ਫੀਲਡ ਈਵੈਂਟ ਕਰਵਾਏ ਜਾਂਦੇ ਹਨ। ਇਸ ਤੋਂ ਇਲਾਵਾ ਫ਼ੁਟਬਾਲ, ਹਾਕੀ, ਵਾਲੀਬਾਲ, ਕਬੱਡੀ ਤੇ ਨੈਟਬਾਲ ਦੇ ਮੁਕਾਬਲੇ ਕਰਵਾਏ ਜਾਣਗੇ। ਜੇਤੂਆਂ ਨੂੰ 18 ਲੱਖ ਰੁਪਏ ਦੇ ਨਗਦ ਇਨਾਮਾਂ ਤੋਂ ਇਲਾਵਾ ਪੁਸਤਕਾਂ ਵੀ ਇਨਾਮ ਵਿੱਚ ਦਿੱਤੀਆਂ ਜਾਣਗੀਆਂ। 14 ਦਸੰਬਰ ਨੂੰ ਸਮਾਪਤੀ ਸਮਾਰੋਹ ਵਾਲੇ ਦਿਨ ਖੇਡ ਜਗਤ ਦੀਆਂ ਛੇ ਉਘੀਆਂ ਸਖਸ਼ੀਅਤਾਂ ਨੂੰ ਵੱਖ-ਵੱਖ ਐਵਾਰਡ ਦਿੰਦਿਆਂ 25-25 ਹਜ਼ਾਰ ਰੁਪਏ ਦੀ ਨਗਦ ਇਨਾਮ ਰਾਸ਼ੀ, ਸਨਮਾਨ ਪੱਤਰ, ਜੋਸ਼ੀਲਾ ਤੇ ਪੁਸਤਕਾਂ ਦਾ ਸੈੱਟ ਭੇਂਟ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਕਮਲਜੀਤ ਖੇਡਾਂ ਦੀ ਮਸ਼ਾਲ ਨੇੜਲੇ ਪਿੰਡ ਸੁਰਜੀਤ ਸਿੰਘ ਵਾਲਾ ਵਿਖੇ ਓਲੰਪੀਨ ਸੁਰਜੀਤ ਸਿੰਘ ਦੇ ਜੱਦੀ ਘਰ ਤੋਂ ਜਲਾਈ ਗਈ। ਹਾਕੀ ਓਲੰਪੀਅਨ ਗੁਰਵਿੰਦਰ ਸਿੰਘ ਚੰਦੀ ਤੇ ਰਾਸ਼ਟਰਮੰਡਲ ਖੇਡਾਂ ਦੀ ਮੈਡਲ ਜੇਤੂ ਡਿਸਕਸ ਥਰੋਅਰ ਅਥਲੀਟ ਨਵਜੀਤ ਕੌਰ ਢਿੱਲੋਂ ਨੇ ਮਸ਼ਾਲ ਯਾਤਰਾ ਦੀ ਸ਼ੁਰੂਆਤ ਕੀਤੀ ਜਿਨ੍ਹਾਂ ਦਾ ਸਾਥ ਵਿਸ਼ਵ ਪੁਲਿਸ ਖੇਡਾਂ ਦੇ ਅਥਲੀਟ ਜਸਪਿੰਦਰ ਸਿੰਘ ਤੇ ਸਰਬਜੀਤ ਕੌਰ ਨੇ ਦਿੱਤਾ।ਮਸ਼ਾਲ ਸੁਰਜੀਤ-ਕਮਲਜੀਤ ਖੇਡ ਕੰਪਲੈਕਸ ਤੱਕ ਪ੍ਰਭਾਵਸ਼ਾਲੀ ਕਾਫ਼ਲੇ ਨਾਲ ਪੁੱਜੀ ਜਿੱਥੇ ਜਾ ਕੇ ਜਲਾਈ ਗਈ। ਉਦਘਾਟਨੀ ਸਮਾਰੋਹ ਦੌਰਾਨ ਖਿਡਾਰੀਆਂ ਨੇ ਸ਼ਾਨਦਾਰ ਮਾਰਚ ਪਾਸਟ ਵਿੱਚ ਹਿੱਸਾ ਲਿਆ ਅਤੇ ਸੱਚੀ ਸੁੱਚੀ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁੱਕੀ। ਇਸ ਮੌਕੇ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਨੇ ਗੱਤਕੇ ਦੇ ਜੌਹਰ ਦਿਖਾਏ ਜਦੋਂਕਿ ਭੰਗੜਾ ਤੇ ਗਿੱਧੇ ਦੀ ਪੇਸ਼ਕਾਰੀ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਅੱਜ ਉਦਘਾਟਨੀ ਮੁਕਾਬਲਿਆਂ ਵਿੱਚ ਅੰਡਰ 18 ਲੜਕੀਆਂ ਦੀ 400 ਦੌੜ ਵਿੱਚ ਕੰਵਲਜੀਤ ਕੌਰ ਨੇ ਪਹਿਲਾ, ਪੂਜਾ ਨੇ ਦੂਜਾ ਤੇ ਪ੍ਰਭਜੋਤ ਕੌਰ ਨੇ ਤੀਜਾ, ਅੰਡਰ 18 ਮੁੰਡਿਆਂ ਦੀ 400 ਦੌੜ ਵਿੱਚ ਖੁਸ਼ਦੀਪ ਸਿੰਘ ਨੇ ਪਹਿਲਾ, ਜ਼ੋਰਾਵਾਰ ਸਿੰਘ ਨੇ ਦੂਜਾ ਤੇ ਅਨਮੋਲ ਸਿੰਘ ਨੇ ਤੀਜਾ, ਅੰਡਰ 14 ਕੁੜੀਆਂ ਦੀ 600 ਮੀਟਰ ਦੌੜ ਵਿੱਚ ਪ੍ਰਨੀਤ ਕੌਰ ਨੇ ਪਹਿਲਾ, ਸਤਵਿੰਦਰ ਕੌਰ ਨੇ ਦੂਜਾ ਤੇ ਨਵਰੀਤ ਕੌਰ ਨੇ ਤੀਜਾ ਅਤੇ ਅੰਡਰ 14 ਮੁੰਡਿਆਂ ਦੀ 600 ਮੀਟਰ ਦੌੜ ਵਿੱਚ ਜਗਜੀਤ ਸਿੰਘ ਨੇ ਪਹਿਲਾ, ਅੰਸ਼ ਪੱਟੀ ਨੇ ਦੂਜਾ ਤੇ ਹਰਦੂਲ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਐਸੋਸੀਏਸ਼ਨ ਦੇ ਪ੍ਰਧਾਨ ਪਿਰਥੀਪਾਲ ਸਿੰਘ ਹੇਅਰ (ਐਸ.ਪੀ.) ਨੇ ਮੁੱਖ ਮਹਿਮਾਨ ਦਾ ਧੰਨਵਾਦ ਕਰਦਿਆਂ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਜੀ ਆਇਆ ਆਖਿਆ।