ਬਰਨਾਲਾ, 02 ਫਰਵਰੀ : ਚੰਡੀਗੜ੍ਹ ਵਿਖੇ ਹੋਈ ਇੰਡੀਅਨ ਓਪਨ ਰੇਸ ਵਾਕਿੰਗ ਕੰਪੀਟੀਸ਼ਨ ਵਿੱਚ ਕਾਹਨੇਕੇ ਤੋਂ ਅਕਾਸ਼ਦੀਪ ਸਿੰਘ ਪੁੱਤਰ ਸ਼੍ਰੀ ਗੁਰਜੰਟ ਸਿੰਘ ਨੇ 20 ਕਿਲੋਮੀਟਰ ਪੈਦਲ ਚਾਲ 1 ਘੰਟਾ 19 ਮਿੰਟ 38 ਸੈਕਿੰਡ ਵਿੱਚ ਪੂਰਾ ਕਰਕੇ ਗੋਲਡ ਮੈਡਲ ਹਾਸਿਲ ਕੀਤਾ ਅਤੇ ਉਸਨੇ ਆਪਣਾ ਹੀ ਭਾਰਤੀ ਰਿਕਾਰਡ ਜੋ ਕਿ 1 ਘੰਟਾ 19 ਮਿੰਟ 55 ਸੈਕਿੰਡ ਸੀ, ਤੋੜ ਕੇ ਪੈਰਿਸ ਓਲੰਪਿਕਸ ਲਈ ਟਿਕਟ ਪੱਕੀ ਕੀਤੀ। ਉਸਦੇ ਸ਼ੁਰੂਆਤੀ ਕੋਚ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਮੀਦ ਹੈ ਕਿ ਉਹ ਓਲੰਪਿਕਸ ਅਤੇ ਆਉਣ ਵਾਲੇ ਹੋਰ ਕੰਪੀਟੀਸ਼ਨਾਂ ਵਿੱਚ ਭਾਰਤ ਦੀ ਝੋਲੀ ਗੋਲਡ ਮੈਡਲ ਪਾਵੇਗਾ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਬਰਨਾਲਾ ਸ਼੍ਰੀਮਤੀ ਉਮੇਸ਼ਵਰੀ ਸ਼ਰਮਾ ਨੇ ਅਕਾਸ਼ਦੀਪ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿੱਚ ਆਉਣ ਵਾਲੀ ਓਲੰਪਿਕਸ ਲਈ ਭਾਰਤ ਲਈ ਗੋਲਡ ਮੈਡਲ ਲੈ ਕੇ ਆਉਣ ਲਈ ਸ਼ੁਭਕਾਮਨਾਵਾਂ ਦਿੱਤੀਆਂ। ਖਿਡਾਰੀ ਅਤੇ ੳਸਦੇ ਪਰਿਵਾਰ ਨੂੰ ਹਰਨੇਕ ਸਿੰਘ ਐਥਲੈਟਿਕਸ ਕੋਚ ਭਦੌੜ, ਡਾ. ਸੁਖਰਾਜ ਸਿੰਘ ਜਨਰਲ ਸੈਕਟਰੀ ਐਥਲੈਟਿਕਸ ਐਸੋਸੀਏਸ਼ਨ ਬਰਨਾਲਾ, ਬਲਦੇਵ ਸਿੰਘ ਅੰਤਰਾਸ਼ਟਰੀ ਖਿਡਾਰੀ ਨੇ ਵਧਾਈ ਦਿੱਤੀ।