ਕੇਂਦਰ ਸਰਕਾਰ ਦੇ ਪੰਜਾਬ ਪ੍ਰਤੀ ਤੁਗਲਕੀ ਫੈਸਲੇ ਨਿੱਤ ਆਏ ਦਿਨ ਪੰਜਾਬੀਆਂ ਨੂੰ ਸੁਣਨ ਨੂੰ ਆਮ ਮਿਲ ਰਹੇ ਹਨ । ਇਸੇ ਤਹਿਤ ਹੁਣ ਉੱਤਰੀ ਰੇਲਵੇ ਅਧੀਨ ਪੈਂਦੀ ਫਿਰੋਜਪੁਰ ਡਿਵੀਜਨ ਵਿੱਚ ਜਿਲ੍ਹਾ ਲੁਧਿਆਣਾ ਦੇ ਲੁਧਿਆਣੇ ਸ਼ਹਿਰ ਦੀ ਬੁੱਕਲ ਵਿੱਚ ਪੈਂਦੇ ਉੱਘੇ ਪਿੰਡ ਭਨੋਹੜ ਪੰਜਾਬ ਦੇ ਵਿਰਾਸਤੀ ਰੇਲਵੇ ਸਟੇਸ਼ਨ ਸਮੇਤ ਕੁੱਲ 13 ਰੇਲਵੇ ਸਟੇਸ਼ਨਾਂ ਨੂੰ ਮਿਤੀ 01/04/2022 ਤੋਂ ਭਾਰਤੀ ਰੇਲਵੇ ਦੇ ਨਕਸ਼ੇ ਤੋਂ ਮਿਟਾਉਣ ਦਾ ਜੋ ਕੇਂਦਰੀ ਵਜ਼ਾਰਤ ਨੇ ਫੁਰਮਾਨ ਜਾਰੀ ਕੀਤਾ ਹੈ , ਉਸ ਪ੍ਰਤੀ ਪਿੰਡ ਅਤੇ ਇਲਾਕਾ ਵਾਸੀਆਂ ਵਿੱਚ ਭਾਰੀ ਰੋਸ ਪਇਆ ਜਾ ਰਿਹਾ ਹੈ । ਇਸ ਵਿਰਾਸਤੀ ਰੇਲਵੇ ਸਟੇਸ਼ਨ ਦੇ ਹੋਂਦ ਵਿੱਚ ਆਉਣ ਤੋਂ ਲੈ ਕੇ ਇਸਦੇ ਦੁਖਦਾਇਕ ਅੰਤ ਤੱਕ ਦੀ ਕਹਾਣੀ ਸਾਡੇ ਅਤਿ ਹਰਮਨ ਪਿਆਰੇ ਇੱਕ ਸੁਹਿਰਦ ਕਾਲਮ ਨਵੀਸ ਗੁਰਪ੍ਰੀਤ ਮੰਡਿਆਣੀ ਵੱਲੋਂ ਲਿਖੀ ਤੁਹਾਡੇ ਸਨਮੁੱਖ ਕਰ ਰਿਹਾ ਹਾਂ ।
- ਬਲਜਿੰਦਰ ਭਨੋਹੜ/ ਕਲੋਨਾ (ਕਨੇਡਾ)/ਪੰਜਾਬ ਇਮੇਜ਼
ਕਦੋਂ ਕਾਇਮ ਹੋਇਆਂ ਭਨੋਹੜ ਪੰਜਾਬ ਰੇਲਵੇ ਸਟੇਸ਼ਨ
-ਗੁਰਪ੍ਰੀਤ ਸਿੰਘ ਮੰਡਿਆਣੀ (ਰੋਜ਼ਾਨਾ ਪਹਿਰੇਦਾਰ 21 ਮਈ 2021)
ਪੰਜਾਬ ‘ਚ ਪਹਿਲੀ ਰੇਲਵੇ ਲਾਈਨ ਕਰਾਚੀ ਤੋਂ ਲਾਹੌਰ 1860 ‘ਚ ਸ਼ੁਰੂ ਹੋ ਗਈ ਸੀ ਜਦਕਿ ਦਿੱਲੀ ਤੋਂ ਲਾਹੌਰ 1864 ‘ਚ ਬਣੀ ਜਿਹਦੇ ਤੇ ਲੁਦੇਹਾਣਾ ਰੇਲਵੇ ਸਟੇਸ਼ਨ ਵੀ ਉਦੋਂ ਹੀ ਹੋਂਦ ‘ਚ ਆਇਆ। ਲੁਦੇਹਾਣੇ ਤੋਂ ਫਰੋਜਪੁਰ ਰੇਲਵੇ ਲਾਈਨ 1905 ‘ਚ ਵਛਾਈ ਗਈ।ਲੁਦੇਹਾਣੇ ਤੋਂ ਫਰੋਜਪੁਰ ਜਾਂਦਿਆਂ ਪਹਿਲਾ ਸਟੇਸ਼ਨ ਬੱਦੋਵਾਲ ਦੂਜਾ ਮੁਲਾਂਪੁਰ ਤੀਜਾ ਚੌਕੀਮਾਨ ਤੇ ਚਉਥਾ ਜਗਰਾਵਾਂ ਸੀ।ਮਾਡਲ ਗਰਾਮ ਲੁਦੇਹਣਾ , ਭਨੋਹੜਾਂ ਤੋਂ ਮਗਰੋਂ ਬਣਿਆ। ਉਦੋਂ ਸਾਰੇ ਪੰਜਾਬ ਦਾ ਰੇਲਵੇ ਨੈਟਵਰਕ ਇੰਡੀਅਨ ਰੇਲਵੇਜ਼ ਦੇ ਨੌਰਥ ਵੈਸਟਰਨ ਜੋਨ ‘ਚ ਪਇੰਦਾ ਸੀ। ਰੇਲਵੇ ਲੈਨ ਦੇ ਦੋਨੀ ਪਾਸੀਂ ਰੇਲਵੇ ਜਮੀਨ ਦੀ ਹਦੂਦ ਦੀ ਨਿਸ਼ਾਨ-ਦੇਹੀ ਕਰਦੀਆਂ ਪੁਰਾਣੀਆਂ ਬੁਰਜੀਆਂ ਤੇ Noth Western Railways ਨੂੰ ਐਬਰੀਵੇਟ ਕਰਦੇ ਅੱਖਰ NWR ਅੱਜ ਵੀ ਵੇਖਣ ਨੂੰ ਮਿਲਦੇ ਹਨ। 1947 ‘ਚ ਮੁਲਕ ਦੀ ਵੰਡ ਤੋਂ ਬਾਅਦ ਇਹ ਨੌਰਦਰਨ ਰੇਲਵੇਜ਼ NR ਬਣ ਗਿਆ।
ਅੰਗਰੇਜ਼ਾਂ ਵੱਲੋਂ ਇੰਡੀਆ ਵਿਚ ਵਿਛਾਏ ਨਹਿਰੀ, ਡਾਕ-ਤਾਰ ਰੇਲਵੇ ਨੈਟਵਰਕ ਨੇ ਭਾਰਤੀ ਲੋਕਾਂ ਦੀ ਜਿੰਦਗੀ ‘ਚ ਬਹੁਤ ਉੱਚ ਪਾਏ ਦਾ ਹਿੱਸਾ ਪਾਇਆ। ਬੱਦੋਵਾਲ ਅਤੇ ਮੁੱਲਾਂਪੁਰ ਦਰਮਿਆਨ ਵੱਸੇ ਪਿੰਡ ਭਨੋਹੜ ਦੇ ਲੋਕ ਵੀ ਸੋਚਦੇ ਸਨ ਕਿ ਸਾਡੇ ਪਿੰਡ ਵੀ ਰੇਲਵੇ ਸਟੇਸ਼ਨ ਹੁੰਦਾ ਤਾਂ ਕਿੰਨੀ ਮੌਜ ਹੋਣੀ ਸੀ ।ਭਨੋਹੜ ਪਿੰਡ ਦੇ ਦੋ ਵਾਸੀਆਂ ,ਬਰਗੇਡੀਅਰ ਗੁਰਕਿਰਪਾਲ ਸਿੰਘ ਅਤੇ ਕੈਪਟਨ ਹਰਚਰਨ ਸਿੰਘ ਨੇ ਭਨੋਹੜਾਂ ਦਾ ਰੇਲਵੇ ਸਟੇਸ਼ਨ ਮਨਜੂਰ ਕਰਾਉਣ ‘ਚ ਉੱਘਾ ਯੋਗਦਾਨ ਪਾਇਆ। ਸਿੱਧਵਾਂ ਕਾਲਜ਼ ਮੈਨੇਜਮੈਂਟ ਕਮੇਟੀ ਦੇ ਸੈਕਟਰੀ ਅਤੇ ਕੈਪਟਨ ਹਰਚਰਨ ਸਿੰਘ ਦੇ ਬੇਟੇ ਸਰਦਾਰ ਕਿਰਪਾਲ ਸਿੰਘ ਨੇ ਦੱਸਿਆ ਕਿ ਉਦੋਂ ਬਿਰਗਰੇਡੀਅਰ ਗੁਰਕਿਰਪਾਲ ਸਿੰਘ ਅੰਬਾਲੇ ਭਾਰਤੀ ਫੌਜ ਦੇ ਸਬ-ਏਰੀਆ ਕਮਾਂਡਰ ਲੱਗੇ ਹੋਏ ਸੀ, ਉਹਨਾਂ ਦੇ ਇੱਕ ਦੋਸਤ ਇੰਡੀਅਨ ਰੇਲਵੇ ਬੋਰਡ ਦਾ ਮੈਂਬਰ ਬਣ ਗਿਆ ਜੀਹਨੇ ਸਟੇਸ਼ਨ ਮਨਜੂਰੀ ਦੇ ਕੰਮ ਚ ਬਹੁਤ ਮਦਦ ਕੀਤੀ।ਪਿੰਡ ਦੀਆਂ ਕਈ ਉਘੀਆ ਹਸਤੀਆਂ ਸਟੇਸ਼ਨ ਬਣਾਉਣ ਦੇ ਖਿਲਾਫ ਵੀ ਸਨ। ਵਿਚਲੀ ਗੱਲ ਤਾਂ ਪਤਾ ਨਹੀਂ ਪਰ ਉਹ ਇਹਦੇ ਪਿੱਛੇ ਤਰਕ ਇਹ ਦਿੰਦੇ ਸਨ ਕਿ ਰੇਲ ਗੱਡੀ ਰਾਹੀ ਪਿੰਡ ‘ਚ ਚੋਰ ਉਚੱਕੇ ਆਇਆ ਕਰਨਗੇ।
ਜਦੋਂ ਸਟੇਸ਼ਨ ਮਨਜੂਰ ਹੋ ਗਿਆ ਤਾਂ ਅਗਲਾ ਕੰਮ ਪਿੰਡ ਵਾਸੀਆਂ ਨੇ ਆਪਦੇ ਮੋਢਿਆਂ ਤੇ ਚੁੱਕਿਆ ,ਆਪਦੇ ਗੱਡੇ ਜੋੜ ਕੇ ਪਲੇਟਫਾਰਮ ਤੇ ਸਟੇਸ਼ਨ ਦੀ ਬਿਲਡਿੰਗ ਖਾਤਰ ਭਰਤ ਪਾਇਆ ਤੇ ਬਿਲਡਿੰਗ ਦੀ ਉਸਾਰੀ ਕੀਤੀ ਜੀਹਦੇ ਤੇ ਲੇਬਰ ਤੋਂ ਇਲਾਵਾ ਤਿੰਨ ਹਜਾਰ ਰੁਪੱਈਏ ਖਰਚ ਆਏ। 8 ਦਸੰਬਰ 1958 ਨੂੰ ਰੇਲਵੇ ਦੀ ਫਰੋਜਪੁਰ ਡਵੀਜਨ ਦਾ ਮੈਨੇਜਰ ਐਸ.ਪੀ ਲਾਲ ਫਰੋਜਪੁਰੋਂ ਲੁਦੇਹਾਣੇ ਆਉਂਦੀ ਰੇਲ ਗੱਡੀ ‘ਚ ਬੈਠ ਕੇ ਆਇਆ ਤੇ ਭਨੋਹੜ ਸਟੇਸ਼ਨ ਤੇ ਇਹ ਗੱਡੀ ਰੋਕ ਕੇ ਸਟੇਸ਼ਨ ਦਾ ਉਦਘਾਟਨ ਕੀਤਾ। ਉਦਘਾਟਨ ਮੌਕੇ ਪਿੰਡ ਵਾਸੀਆ ਵੱਲੋਂ ਬਕਾਇਦਾ ਇੱਕ ਟੀ-ਪਾਰਟੀ ਵੀ ਕੀਤੀ ਗਈ ਸੀ ਜੀਹਦਾ ਠੇਕਾ ਲੁਦੇਹਾਣੇ ਰੇਲਵੇ ਸਟੇਸ਼ਨ ਦੇ ਸਾਹਮਣੇ ਵਾਲੀ ਸੜਕ ਤੇ ਪੈਂਦੇ ਗਰੀਨ ਰੈਸਟੋਰੈਂਟ ਨੂੰ ਦਿੱਤਾ ਗਿਆ ਸੀ। ਅੱਜ ਕੱਲ ਰੇਲਵੇ ਪੁਲਿਸ ਦੀ ਨੌਕਰੀ ਕਰਦੇ ਸ੍ਰ ਜਸਪਾਲ ਸਿੰਘ ਅਤੇ ਰੇਲਵੇ ਦੇ ਰਿਟਾਇਰਡ ਜੇ.ਈ ਸ੍ਰ ਰਛਪਾਲ ਸਿੰਘ ਤੇ ਪਿਤਾ ਸੂਬੇਦਾਰ ਮੱਘਰ ਸਿੰਘ ਭੱਠਲ ਮਰਹੂਮ ਨੇ ਮੈਨੂੰ ਇਹ ਗੱਲ 2015 ‘ਚ ਦੱਸੀ ਸੀ। ਉਹਨਾਂ ਨੇ ਦੱਸਿਆ ਕਿ ਮੈਂ ਇਹ ਖਬਰ ਅਖ਼ਬਾਰ ‘ਚ ਪੜੀ ਸੀ ਅੰਬਾਲੇ ਨੌਕਰੀ ਕਰਦਿਆਂ। ਸਟੇਸ਼ਨ ਦੇ ਨਾਂਅ ਭਨੋਹੜ ਪਿੱਛੇ ਪੰਜਾਬ ‘ਚ ਤਾਂ ਲਿਖਿਆ ਗਿਆ ਕਿ ਭਨੋਹੜ ਨਾਂਅ ਦਾ ਇੱਕ ਰੇਲਵੇ ਸਟੇਸ਼ਨ ਕਿਸੇ ਹੋਰ ਸੂਬੇ ਵਿਚ ਵੀ ਸੀ। ਰੇਲਵੇ ਦਾ ਇਹ ਰੂਲ ਹੈ ਕਿ ਮੁਲਕ ਵਿਚ ਇਕੋ ਜਿਹੇ ਸਪੈਲਿੰਗਾਂ ਵਾਲੇ ਦੋ ਸਟੇਸ਼ਨ ਨਹੀਂ ਹੋ ਸਕਦੇ।ਅੰਗਰੇਜ਼ੀ ਚ ਭਨੋਹੜ ਲਿਖਣ ਵੇਲੇ ਆਖਰ ‘ਚ ਅੰਗਰੇਜੀ ਦੇ ਅੱਖਰ rh ਦੀ ਬਜਾਇ d ਲਿਖਿਆ ਗਿਆ ਤੇ ਰੇਲਵੇ ਦੇ ਰਿਕਾਰਡ ਵਿੱਚ ਇਹਦਾ ਕੋਡ BQH ਹੈ।ਨਵਾਂ ਹਾਲਟ ਰੇਲਵੇ ਸਟੇਸ਼ਨ ਪਹਿਲਾਂ ਅਜਮਾਇਸ਼ੀ ਤੌਰ ਤੇ ਸ਼ੁਰੂ ਕੀਤਾ ਜਾਂਦਾ ਹੈ ਤੇ ਕਾਮਯਾਮੀ ਤੋਂ ਬਾਅਦ ਹੀ ਪੱਕਾ ਕੀਤਾ ਜਾਂਦਾ ਹੈ। ਸਟੇਸ਼ਨ ਪੱਕਾ ਕਰਵਾਉਣ ਲਈ ਵੀ ਪਿੰਡ ਵਾਸੀਆਂ ਨੇ ਪੂਰੀ ਮੇਹਨਤ ਕੀਤੀ ਤੇ ਛੇਆਂ ਮਹੀਨੀਆਂ ਚ ਹੀ ਪੱਕਾ ਕਰਾ ਲਿਆ ।ਸੂਬੇਦਾਰ ਮੱਘਰ ਸਿੰਘ ਦੇ ਵੱਡੇ ਭਰਾ ਸ੍ਰ ਜਮੀਤ ਸਿੰਘ ਹੋਰੀਂ ਸਟੇਸ਼ਨ ਤੇ ਜਾਕੇ ਵਿਦਾਉਟ ਟਿਕਟ ਮੁਸਾਫਿਰਾਂ ਨੂੰ ਘੇਰ ਕੇ ਉਹਨਾਂ ਤੋਂ ਜੁਰਮਾਨਾ ਭਰਵਾਉਂਦੇ ਹੁੰਦੇ ਸੀ। ਜੀਹਦੇ ਕੋਲ ਜੁਮਰਮਾਨਾ ਦੇਣ ਨੂੰ ਪੈਸੇ ਨਹੀਂ ਸੀ ਹੁੰਦੇ ਤਾਂ ਉਹਨੂੰ ਸ਼ਰਮਿੰਦਾ ਕਾਰਨ ਖਾਤਰ ਉਹਦੀ ਜੁੱਤੀ ਲਹਾ ਲੈਂਦੇ ਸੀ।
ਸਟੇਸ਼ਨ ਬਹੁਤ ਕਾਮਯਾਮ ਹੋਇਆ। ਭਨੋਹੜਾਂ ਦੇ ਸਾਬਕਾ ਸਰਪੰਚ ਸ੍ਰ ਰਮਿੰਦਰ ਸਿੰਘ ਭੱਠਲ ਨੇ ਦੱਸਿਆ ਲੁਦੇਹਾਣੇ ਨੂੰ ਜਾਣ ਵਾਸਤੇ ਸਵੇਰੇ 100 ਤੋਂ ਵੀ ਵੱਧ ਮੁਸਾਫਿਰ ਗੱਡੀ ਫੜਦੇ ਹੁੰਦੇ ਸੀ। ਦਾਖਾ, ਪਮਾਲ, ਰੁੜਕਾ,ਜਾਂਗਪੁਰ ਤੇ ਹਸਨਪੁਰ ਪਿੰਡਾਂ ਦੇ ਲੋਕ ਇੱਥੇ ਗੱਡੀ ਚੜ੍ਹਨ ਆਉਂਦੇ ਹੁੰਦੇ ਸੀ। ਲੁਦੇਹਾਣੇ ਦਾ ਭਾੜਾ 30 ਪੈਸੇ, ਬੱਦੋਵਾਲ ਅਤੇ ਮੁੱਲਾਂਪੁਰ ਦਾ 10 ਪੈਸੇ ਸੀ। ਨੌਕਰੀ ਪੇਸ਼ਾ ਲੋਕਾਂ ਵਾਸਤੇ ਇਹ ਸਟੇਸ਼ਨ ਬਹੁਤ ਫਾਇਦੇਮੰਦ ਸਾਬਤ ਹੋਇਆ। ਤਿੰਨ ਮਹੀਨੇ ਆਉਣ ਜਾਣ ਦਾ ਟਿਕਟ ਪਾਸ ਸਿਰਫ਼ ਦਸ ਰੁਪੱਈਆਂ ਵਿਚ ਬਣ ਜਾਂਦਾ ਸੀ। ਅੱਜ ਦੀ ਤਰੀਕ ਚ ਆਵਾਜਾਈ ਦੇ ਸਾਧਨ ਵਧਣ ਕਰਕੇ ਰੇਲ ਗੱਡੀਆਂ ਦੀ ਐਹਮੀਅਤ ਘਟ ਗਈ ਹੈ ਜੀਹਦੇ ਕਰਕੇ ਅਜੋਕੀ ਪੀੜੀ ਭਾਵੇਂ ਆਪਦੇ ਪੁਰਖਿਆਂ ਦੇ ਉੱਦਮ ਨੂੰ ਭਾਵੇਂ ਕੋਈ ਕਰੈਡਿਟ ਨਾ ਦੇਣ ਪਰ 75 ਸਾਲ ਤੋਂ ਵੱਡੀ ਉਮਰ ਦੇ ਲਾਗਲੇ ਪਿੰਡਾਂ ਦੇ ਲੋਕ ਭਨੋਹੜ ਰੇਲਵੇ ਸਟੇਸ਼ਨ ਦੇ ਯੋਗਦਾਨ ਨੂੰ ਭੁੱਲ ਨਹੀਂ ਸਕਦੇ।