
- ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਆਪਣੇ ਬੀ.ਐਲ.ਏ. ਨਿਯੁਕਤ ਕਰਨ ਦੀ ਵੀ ਕੀਤੀ ਅਪੀਲ
ਲੁਧਿਆਣਾ, 4 ਅਪ੍ਰੈਲ 2025 : ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਲੁਧਿਆਣਾ ਸ੍ਰੀ ਰੋਹਿਤ ਗੁਪਤਾ ਵੱਲੋਂ ਵਿਧਾਨ ਸਭਾ ਹਲਕਾ 64-ਲੁਧਿਆਣਾ ਪੱਛਮੀ ਦੀ ਉੱਪ ਚੋਣ ਨੂੰ ਮੁੱਖ ਰੱਖਦਿਆਂ ਯੋਗਤਾ ਮਿਤੀ 01-04-2025 ਦੇ ਅਧਾਰ 'ਤੇ ਫੋਟੋ ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ ਸਬੰਧੀ ਮਾਣਯੋਗ ਭਾਰਤ ਚੋਣ ਕਮਿਸ਼ਨ ਵੱਲੋਂ ਪ੍ਰਾਪਤ ਹਦਾਇਤਾਂ ਬਾਰੇ ਜ਼ਿਲੇ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ/ਸਕੱਤਰਾਂ/ਨੁਮਾਇੰਦਿਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਸਥਾਨਕ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ ਵਿਖੇ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਚੋਣ ਤਹਿਸੀਲਦਾਰ ਸ੍ਰੀ ਬਰਜਿੰਦਰ ਸਿੰਘ ਬੱਗਾ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਰੋਹਿਤ ਗੁਪਤਾ ਵੱਲੋਂ ਸਮੂਹ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01-04-2025 ਦੇ ਆਧਾਰ 'ਤੇ ਵਿਧਾਨ ਸਭਾ ਹਲਕਾ 64-ਲੁਧਿਆਣਾ ਪੱਛਮੀ ਦੀ ਵੋਟਰ ਸੂਚੀ ਦੀ ਸਪੈਸ਼ਲ ਸੁਧਾਈ ਦੌਰਾਨ ਬੀ.ਐਲ.ਓਜ਼ ਦੀ ਸਹਾਇਤਾ ਲਈ ਪੋਲਿੰਗ ਸਟੇਸ਼ਨ ਵਾਈਜ਼ ਬੀ.ਐਲ.ਏ. (ਬੂਥ ਲੈਵਲ ਏਜੰਟ) ਨਿਯੁਕਤ ਕਰਕੇ ਉਸਦੀ ਰਿਪੋਰਟ ਇਸ ਦਫ਼ਤਰ ਨੂੰ ਭੇਜਣੀ ਯਕੀਨੀ ਬਣਾਈ ਜਾਵੇ ਤਾਂ ਜੋ ਬੂਥ ਲੈਵਲ ਅਫ਼ਸਰ, ਬੂਥ ਲੈਵਲ ਏਜੰਟ ਨਾਲ ਮਿਲਕੇ ਬੂਥ ਦੇ ਪੋਲਿੰਗ ਏਰੀਏ ਦੇ ਵੋਟਰਾਂ ਦਾ ਵੋਟਾਂ ਸਬੰਧੀ ਹਰ ਤਰ੍ਹਾਂ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚੋਣ ਨਿਯਮਾਂ ਅਨੁਸਾਰ ਨੇਪਰੇ ਚਾੜ੍ਹਿਆ ਜਾ ਸਕੇ। ਵਧੀਕ ਜ਼ਿਲ੍ਹਾ ਚੋਣ ਅਫ਼ਸਰ ਗੁਪਤਾ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹੁਣ ਨਵੇਂ ਵੋਟਰ ਬਣਨ ਦੀ ਯੋਗਤਾ ਰੱਖਣ ਵਾਲੇ ਲੜਕੇ ਅਤੇ ਲੜਕੀਆਂ ਜਿਨ੍ਹਾਂ ਦੀ ਉਮਰ 01 ਅਪ੍ਰੈਲ, 2025 ਤੋਂ 18 ਸਾਲ ਜਾਂ ਇਸ ਤੋਂ ਵੱਧ ਹੈ ਜਾਂ ਵੋਟ ਨਹੀਂ ਬਣੀ ਹੈ ਤਾਂ ਆਪਣੀ ਵੋਟ 09 ਅਪ੍ਰੈਲ ਤੋਂ 24 ਅਪ੍ਰੈਲ 2025 ਤੱਕ ਬਣਾ ਸਕਦੇ ਹਨ, ਦਾਅਵੇ ਅਤੇ ਇਤਰਾਜ਼ 2 ਮਈ, 2025 ਤੱਕ ਦਾਖਲ ਕੀਤੇ ਜਾ ਸਕਦੇ ਹਨ ਅਤੇ ਅੰਤਿਮ ਵੋਟਰ ਸੂਚੀ 5 ਮਈ, 2025 ਨੂੰ ਬਣ ਕੇ ਤਿਆਰ ਹੋ ਜਾਵੇਗੀ। ਉਨ੍ਹਾ ਦੱਸਿਆ ਕਿ ਇਸ ਵੋਟਰ ਸੂਚੀ ਦੇ ਅਧਾਰ 'ਤੇ ਵਿਧਾਨ ਸਭਾ ਹਲਕਾ 64-ਲੁਧਿਆਣਾ ਪੱਛਮੀ ਦੀ ਉੱਪ ਚੋਣ ਵੇਲੇ ਇਹ ਵੋਟਰ ਸੂਚੀ ਦੀ ਵਰਤੋਂ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਨਵੀਂ ਵੋਟ ਬਣਾਉਣ ਲਈ ਫ਼ਾਰਮ ਨੰਬਰ 6, ਵੋਟ ਕਟਵਾਉਣ ਲਈ ਫ਼ਾਰਮ ਨੰਬਰ 7 ਅਤੇ ਕਿਸੇ ਵੀ ਪ੍ਰਕਾਰ ਦੀ ਦਰੁੱਸਤੀ ਲਈ ਫ਼ਾਰਮ ਨੰਬਰ 8 ਭਰਿਆ ਜਾ ਸਕਦਾ ਹੈ ਅਤੇ ਭਾਰਤ ਚੋਣ ਕਮਿਸ਼ਨ ਵੱਲੋਂ ਫ਼ਾਰਮ ਨੰਬਰ 8-ਏ ਜੋਕਿ ਵਿਧਾਨ ਸਭਾ ਹਲਕਾ 64-ਲੁਧਿਆਣਾ ਪੱਛਮੀ ਵਿੱਚ ਇੱਕ ਬੂਥ ਤੋਂ ਦੂਜੇ ਬੂਥ ਵਿੱਚ ਵੋਟ ਤਬਦੀਲ ਕਰਨ ਲਈ ਵਰਤਿਆ ਜਾਂਦਾ ਸੀ, ਨੂੰ ਖ਼ਤਮ ਕਰਕੇ ਹੁਣ ਫ਼ਾਰਮ ਨੰਬਰ 8 ਵਿੱਚ ਹੀ ਸ਼ਾਮਲ ਕਰ ਦਿੱਤਾ ਗਿਆ ਹੈ। ਇਸ ਲਈ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਦੇ ਲਈ ਫ਼ਾਰਮ ਨੰਬਰ 8 ਦੀ ਵਰਤੋਂ ਕੀਤੀ ਜਾਵੇ। ਨਵੇਂ ਵੋਟਰ ਆਪਣੀ ਵੋਟ ਬਣਾਉਣ/ਰਜਿਸਟਰਡ ਕਰਨ ਲਈ ਫ਼ਾਰਮ ਨੰਬਰ 6 ਵਿੱਚ ਅਧਾਰ ਕਾਰਡ ਦਾ ਨੰਬਰ ਜਰੂਰ ਭਰਨ, ਜੇਕਰ ਕਿਸੇ ਵਿਅਕਤੀ ਦੇ ਕੋਲ ਅਧਾਰ ਕਾਰਡ ਨਹੀਂ ਹੈ ਤਾਂ ਉਹ 11 ਸਬੂਤਾਂ ਵਿੱਚੋਂ ਕੋਈ ਇੱਕ ਪਰੂਫ ਨਾਲ ਲਗਾ ਸਕਦਾ ਹੈ ਜਿਸ ਵਿੱਚ ਡਰਾਇਵਿੰਗ ਲਾਈਸੰਸ, ਮਨਰੇਗਾ ਕਾਰਡ, ਸਿਹਤ ਬੀਮਾ ਕਾਰਡ, ਬੈਂਕ/ਡਾਕ ਘਰ ਦੀ ਪਾਸ ਬੁੱਕ, ਸਰਵਿਸ ਸਨਾਖਤ ਕਾਰਡ, ਪੈਨ ਕਾਰਡ, ਪੈਨਸ਼ਨ ਦਸਤਾਵੇਜ਼, ਸਮਾਰਟ ਕਾਰਡ, ਪਾਸਪੋਰਟ ਆਦਿ ਸ਼ਾਮਲ ਹਨ। ਯੋਗਤਾ ਮਿਤੀ 01-04-2025 ਦੇ ਅਧਾਰ 'ਤੇ ਫੋਟੋ ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ ਦੋਰਾਨ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਵੈਬਸਾਇਟ www.nvsp.in ਰਾਹੀਂ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ ਅਤੇ ਇਸ ਤੋਂ ਇਲਾਵਾ ਵੋਟਾਂ ਸਬੰਧੀ ਕਿਸੇ ਵੀ ਕਿਸਮ ਦੀ ਔਕੜ ਪੇਸ਼ ਆ ਰਹੀ ਹੈ ਤਾਂ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਟੋਲ ਫਰੀ ਨੰਬਰ 1950 'ਤੇ ਵੀ ਕਾਲ ਕੀਤੀ ਜਾ ਸਕਦੀ ਹੈ।