ਗੁਰਦਾਸਪਰ (ਪਪ) : ਭਾਰਤ ਦੀ ਸਰਹੱਦ ਵਿੱਚ ਪਾਕਿਸਤਾਨ ਨੇ ਫਿਰ ਤੋਂ ਡਰੋਨ ਨਾਲ ਘੁਸਪੈਠ ਕਰ ਦਿੱਤੀ, ਪਰ ਬੀਐਸਐਫ ਦੇ ਜਵਾਨਾਂ ਨੇ ਆਪਣੀ ਮੁਸਤੈਦੀ ਨਾਲ ਫਾਇਰ ਕਰਕੇ ਅਤੇ ਰੌਸ਼ਨੀ ਵਾਲੇ ਬੱਥ ਦਾਗ਼ ਕੇ ਡਰੋਨ ਨੂੰ ਵਾਪਸ ਭੱਜਣ ਲਈ ਮਜਬੂਰ ਕਰ ਦਿੱਤਾ।
ਬੀਐਸਐਫ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ 5:15 ਵਜੇ ਬੀ.ਐਸ.ਐਫ ਦੀ ਰੋਸ਼ੇ ਪੋਸਟ ਬੀਓਪੀ 89 ਬਟਾਲੀਅਨ ਦੇ ਇਲਾਕੇ ਵਿੱਚ ਇਹ ਪਾਕਿਸਤਾਨੀ ਡਰੋਨ ਭਾਰਤੀ ਸਰਹੱਦ ਵਿਚ ਵੇਖਿਆ ਗਿਆ ਜਿਸ ’ਤੇ ਡਿਊਟੀ ਤੇ ਤਾਇਨਾਤ ਕਾਂਸਟੇਬਲ ਯੋਗਿੰਦਰ ਨੇ ਡਰੋਨ ਤੇ 9 ਰਾਊਂਡ ਫਾਇਰ ਕੀਤੇ ਅਤੇ ਦੋ ਵਾਰੀ ਰੌਸ਼ਨੀ ਵਾਲੇ ਬੰਬ ਵੀ ਸੁੱਟੇ, ਜਿਸ ਕਾਰਨ ਡਰੋਨ ਫਿਰ ਪਾਕਿਸਤਾਨ ਵੱਲ ਵਾਪਸ ਮੁੜ ਗਿਆ, ਜਿਸ ਤੋਂ ਬਾਅਦ ਬੀਐਸਐਫ ਅਤੇ ਪੁਲਿਸ ਵੱਲੋਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਦੱਸ ਦੇਈਏ ਕਿ ਭਾਰਤ-ਪਾਕਿਸਤਾਨ ਦੀ ਸਰਹੱਦ ਤੇ ਭਾਰਤੀ ਸੁਰੱਖਿਆ ਏਜੰਸੀਆਂ ਵੱਲੋਂ ਕਈ ਵਾਰ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ, ਹਥਿਆਰ ਅਤੇ ਗੋਲਾ ਬਾਰੁਦ ਬਰਾਮਦ ਕੀਤੇ ਗਏ ਹਨ , ਜਿਨ੍ਹਾਂ ਬਾਰੇ ਸ਼ੱਕ ਵਿਅਕਤ ਕੀਤਾ ਜਾਂਦਾ ਰਿਹਾ ਹੈ ਕਿ ਇਹ ਪਾਕਿਸਤਾਨ ਵੱਲੋਂ ਡਰੋਨ ਦੀ ਸਹਾਇਤਾ ਨਾਲ ਭੇਜੇ ਗਏ ਹਨ? ਅਤੇ ਅਜੇਹਾ ਵੀ ਬਹੁਤ ਵਾਰ ਹੋ ਚੁੱਕਿਆ ਹੈ ਕਿ ਭਾਰਤ ਦੀ ਸਰਹੱਦ ਵਿਚ ਦੇਖੇ ਗਏ ਡਰੋਨ ਸਰਹੱਦ ਤੇ ਤੈਨਾਤ ਸੁਰੱਖਿਆ ਕਰਮੀਆਂ ਵੱਲੋਂ ਮਾਰ ਗਿਰਾਏ ਗਏ ਜਾਂ ਫਿਰ ਉਨ੍ਹਾਂ ਨੂੰ ਵਾਪਸ ਭੱਜਣਾ ਪਿਆ ਪਰ ਸੀਮਾ ਸੁਰੱਖਿਆ ਜਵਾਨਾਂ ਦੀ ਮੁਸਤੈਦੀ ਦੇ ਬਾਵਜੂਦ ਵੀ ਪਾਕਿਸਤਾਨ ਲਗਾਤਾਰ ਅਜਿਹੀਆਂ ਹਰਕਤਾਂ ਨੂੰ ਅੰਜਾਮ ਦੇ ਰਿਹਾ ਹੈ।