ਲੁਧਿਆਣਾ : ਸਥਾਨਕ ਮੋਤੀ ਨਗਰ ਇਲਾਕੇ ’ਚ ਸਥਿਤ ਡੈਂਟਲ ਕਾਲਜ ਦੇ ਵਾਰਡਨ ਦੀ ਟੈਂਕੀ ’ਚੋਂ ਲਾਸ਼ ਮਿਲਣ ਦੀ ਖ਼ਬਰ ਹੈ। ਜਦੋਂ ਇਸ ਬਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਕਾਲਜ ਪ੍ਰਬੰਧਕਾਂ ਦੀ ਮਦਦ ਨਾਲ ਵੀਰ ਸਿੰਘ (40) ਨੂੰ ਬਾਹਰ ਕੱਢ ਕੇ ਨਿੱਜੀ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚ ਗਈ। ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪਰਿਵਾਰ ਨੇ ਦੋਸ਼ ਲਾਇਆ ਕਿ ਉਸ ਦਾ ਕਤਲ ਕਰਕੇ ਟੈਂਕੀ ਵਿੱਚ ਸੁੱਟ ਦਿੱਤਾ ਗਿਆ ਹੈ। ਦੂਜੇ ਪਾਸੇ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਵਿਦਿਆਰਥੀਆਂ ਨੇ ਵੀ ਇਸ ਨੂੰ ਕਤਲ ਕਰਾਰ ਦਿੱਤਾ ਅਤੇ ਕਾਲਜ ਮੈਨੇਜਮੈਂਟ ’ਤੇ ਕਈ ਦੇਸ਼ ਲਾਏ। ਜਾਣਕਾਰੀ ਦਿੰਦਿਆਂ ਰਿਸ਼ਤੇਦਾਰ ਨੇ ਦੱਸਿਆ ਕਿ ਵੀਰ ਸਿੰਘ ਪਿਛਲੇ ਕਾਫੀ ਸਮੇਂ ਤੇ ਕਾਲਜ ਵਿੱਚ ਕੰਮ ਕਰ ਰਿਹਾ ਸੀ ਅਤੇ ਅੰਦਰ ਬਣੇ ਮਕਾਨ ਵਿੱਚ ਰਹਿੰਦਾ ਸੀ। ਉਹ ਸ਼ਨੀਵਾਰ ਰਾਤ ਕਰੀਬ 8 ਵਜੇ ਡਿਊਟੀ ’ਤੇ ਆਇਆ ਸੀ। ਕੁਝ ਸਮੇਂ ਬਾਅਦ ਉਹ ਕਿਸੇ ਨੂੰ ਨਜ਼ਰ ਨਹੀਂ ਆਇਆ। ਜਦੋਂ ਸਾਰੇ ਉਸ ਨੂੰ ਲੱਭਦੇ ਹੋਏ ਛੱਤ ’ਤੇ ਪਹੁੰਚੇ ਤਾਂ ਉਥੇ ਵੀਰ ਸਿੰਘ ਦੀਆਂ ਚੱਪਲਾਂ ਪਈਆਂ ਸਨ। ਫਿਰ ਜਦੋਂ ਉਨ੍ਹਾਂ ਨੇ ਉਸ ਦੇ 16 ਸਾਲਾ ਪੁੱਤਰ ਨੂੰ ਬੁਲਾਇਆ ਤਾਂ ਉਸ ਨੇ ਆਪਣੇ ਪਿਤਾ ਦੀਆਂ ਚੱਪਲਾਂ ਨੂੰ ਪਛਾਣ ਲਿਆ। ਫਿਰ ਕਾਲਜ ਮੈਨੇਜਮੈਂਟ ਘੋੜੀ ਲੈ ਕੇ ਟੈਂਕੀ ’ਤੇ ਪਹੁੰਚੀ ਤਾਂ ਉਨ੍ਹਾਂ ਟੈਂਕੀ ਦੇ ਅੰਦਰ ਦੇਖਿਆ ਤਾਂ ਵੀਰ ਸਿੰਘ ਦੀ ਲਾਸ਼ ਪਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਕਾਲਜ ਵੱਲੋਂ ਵੀਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਹਾਲਾਂਕਿ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਐਤਵਾਰ ਨੂੰ ਲਾਸ਼ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਇਹ ਖੁਦਕੁਸ਼ੀ ਹੈ ਜਾਂ ਕਤਲ।