
ਚੰਡੀਗੜ, 3 ਜਨਵਰੀ 2025 : ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ “ਪੰਜਾਬ ਰਾਜ ਲੋਹੜੀ ਮਕਰ ਸੰਕ੍ਰਾਂਤੀ ਬੰਪਰ ਲਾਟਰੀ 2025” ਦੀ ਇਨਾਮੀ ਰਾਸ਼ੀ ਵਿੱਚ ਵੱਡੇ ਵਾਧੇ ਦਾ ਐਲਾਨ ਕੀਤਾ ਹੈ, ਜੋ ਹੁਣ ਕੁੱਲ 10 ਕਰੋੜ ਰੁਪਏ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਰਣਨੀਤਕ ਕਦਮ ਹੋਰ ਰਾਜਾਂ ਦੀਆਂ ਲਾਟਰੀਆਂ ਨੂੰ ਸਖ਼ਤ ਮੁਕਾਬਲੇ ਦੇ ਨਾਲ-ਨਾਲ ਸੂਬੇ ਦੇ ਵਿਕਾਸ ਵਿੱਚ ਯੋਗਦਾਨ ਪਾਉਂਦੇ ਹੋਏ ਵੱਡੇ ਇਨਾਮ ਜਿੱਤਣ ਦਾ ਦਿਲਚਸਪ ਮੌਕਾ ਪ੍ਰਦਾਨ ਕਰਨ ਲਈ ਚੁੱਕਿਆ ਗਿਆ ਹੈ। ਇੱਕ ਪ੍ਰੈਸ ਬਿਆਨ ਵਿੱਚ ਘੋਸ਼ਣਾ ਨੂੰ ਸਾਂਝਾ ਕਰਦੇ ਹੋਏ ਵਿੱਤ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਹਿਲਕਦਮੀ ਰਾਜ ਦੇ ਮਾਲੀਏ ਨੂੰ ਵਧਾਉਣ ਅਤੇ ਪੰਜਾਬ ਦੀ ਲਾਟਰੀ ਮਾਰਕੀਟ ਨੂੰ ਹੋਰ ਆਕਰਸ਼ਕ ਬਣਾਉਣ ਲਈ ਇੱਕ ਵਿਆਪਕ ਪਹੁੰਚ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ “ਪੰਜਾਬ ਰਾਜ ਲੋਹੜੀ ਮਕਰ ਸੰਕ੍ਰਾਂਤੀ ਬੰਪਰ ਲਾਟਰੀ 2025” ਸੂਬੇ ਦੇ ਲੋਕਾਂ ਨੂੰ ਦੋਹਰੇ ਲਾਭ ਪ੍ਰਦਾਨ ਕਰਦੀ ਹੈ। ਇਹ ਨਾ ਸਿਰਫ਼ ਮਹੱਤਵਪੂਰਨ ਇਨਾਮ ਜਿੱਤਣ ਦਾ ਮੌਕਾ ਪ੍ਰਦਾਨ ਕਰਦਾ ਹੈ, ਸਗੋਂ ਇਨ੍ਹਾਂ ਸਰਕਾਰੀ ਲਾਟਰੀਆਂ ਤੋਂ ਹੋਣ ਵਾਲੀ ਆਮਦਨ ਨੂੰ ਸਿੱਧੇ ਤੌਰ ‘ਤੇ ਵਿਕਾਸ ਪ੍ਰੋਜੈਕਟਾਂ ‘ਤੇ ਖਰਚ ਕੀਤਾ ਜਾਂਦਾ ਹੈ ਜਿਨ੍ਹਾਂ ਦਾ ਲਾਭ ਰਾਜ ਦੇ ਸਾਰੇ ਲੋਕਾਂ ਨੂੰ ਹੁੰਦਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਵਧੀ ਹੋਈ ਇਨਾਮੀ ਰਾਸ਼ੀ ਕਾਰਨ ਲੋਹੜੀ ਬੰਪਰ ਦੂਜੇ ਰਾਜਾਂ ਦੀਆਂ ਲਾਟਰੀਆਂ ਲਈ ਸਖ਼ਤ ਚੁਣੌਤੀ ਹੋਵੇਗੀ, ਜਿਸ ਨਾਲ ਲਾਟਰੀਆਂ ਤੋਂ ਇਕੱਠੇ ਹੋਣ ਵਾਲੇ ਮਾਲੀਏ ਵਿੱਚ ਕਾਫੀ ਵਾਧਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਮਾਲੀਏ ਦੀ ਵਰਤੋਂ ਪੰਜਾਬ ਭਰ ਵਿੱਚ ਵੱਖ-ਵੱਖ ਵਿਕਾਸ ਪਹਿਲਕਦਮੀਆਂ ਲਈ ਕੀਤੀ ਜਾਵੇਗੀ, ਜਿਸ ਵਿੱਚ ਬੁਨਿਆਦੀ ਢਾਂਚੇ, ਵਿਦਿਅਕ ਪ੍ਰੋਗਰਾਮਾਂ ਅਤੇ ਸਿਹਤ ਸੇਵਾਵਾਂ ਵਿੱਚ ਸੁਧਾਰ ਸ਼ਾਮਲ ਹੈ। ਇਨਾਮਾਂ ਦੇ ਵੇਰਵੇ ਸਾਂਝੇ ਕਰਦਿਆਂ ਵਿੱਤ ਮੰਤਰੀ ਨੇ ਦੱਸਿਆ ਕਿ 500 ਰੁਪਏ ਦੀ ਇਸ ਲਾਟਰੀ ਟਿਕਟ ਵਿੱਚ ਦਿਲਚਸਪ ਇਨਾਮ ਜਿੱਤਣ ਦਾ ਮੌਕਾ ਹੈ ਜਿਸ ਵਿੱਚ 10 ਕਰੋੜ ਰੁਪਏ ਦਾ ਪਹਿਲਾ ਇਨਾਮ, 1 ਕਰੋੜ ਰੁਪਏ ਦਾ ਦੂਜਾ ਇਨਾਮ, 50 ਲੱਖ ਰੁਪਏ ਦਾ ਤੀਜਾ ਇਨਾਮ ਅਤੇ ਹੋਰ ਬਹੁਤ ਸਾਰੇ ਇਨਾਮ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਲਾਟਰੀ ਤਹਿਤ ਕੁੱਲ 68,819 ਇਨਾਮ ਦਿੱਤੇ ਜਾਣਗੇ, ਜਿਨ੍ਹਾਂ ਦੀ ਕੁੱਲ ਇਨਾਮੀ ਰਾਸ਼ੀ 23,47,90,000 ਰੁਪਏ ਹੈ।