ਕੋਲਕਾਤਾ, 8 ਜੁਲਾਈ : ਪੱਛਮੀ ਬੰਗਾਲ 'ਚ ਪੰਚਾਇਤੀ ਚੋਣਾਂ ਲਈ ਵੋਟਿੰਗ ਵਾਲੇ ਦਿਨ ਜ਼ਬਰਦਸਤ ਹਿੰਸਾ ਹੋਈ। ਦਰਅਸਲ ਮੁਰਸ਼ਿਦਾਬਾਦ ਵਿਚ ਬੂਥ ਕੈਪਚਰਿੰਗ ਦੌਰਾਨ ਹੰਗਾਮਾ ਹੋਇਆ। ਬੀਤੀ ਰਾਤ ਤੋਂ ਕੂਚਬਿਹਾਰ, ਮਾਲਦਾ ਸਮੇਤ ਕਈ ਜ਼ਿਲ੍ਹਿਆਂ ਵਿਚ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਵੱਧ ਹਿੰਸਾ ਮੁਰਸ਼ਿਦਾਬਾਦ ਅਤੇ ਕੂਚਬਿਹਾਰ ਵਿਚ ਹੋਈ। ਕਈ ਥਾਵਾਂ ਤੋਂ ਗੋਲੀਬਾਰੀ, ਅੱਗਜ਼ਨੀ, ਟਕਰਾਅ ਅਤੇ ਬੂਥ ਕੈਪਚਰਿੰਗ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਪੱਛਮੀ ਬੰਗਾਲ ਵਿਚ ਪੋਲਿੰਗ ਦੌਰਾਨ ਹੁਣ ਤੱਕ ਮੁਰਸ਼ਿਦਾਬਾਦ ਤੋਂ ਤਿੰਨ, ਕੂਚ ਬਿਹਾਰ ਤੋਂ ਦੋ, ਮਾਲਦਾ ਤੋਂ ਇੱਕ, ਉੱਤਰੀ 24 ਪਰਗਨਾ ਤੋਂ ਇੱਕ ਅਤੇ ਪੂਰਬੀ ਬਰਦਵਾਨ ਤੋਂ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਦੂਜੇ ਪਾਸੇ ਕੁੱਝ ਅਣਪਛਾਤੇ ਸ਼ਰਾਰਤੀ ਅਨਸਰਾਂ ਨੇ ਬਾਰਵੀਟਾ ਪ੍ਰਾਇਮਰੀ ਸਕੂਲ ਵਿਚ ਬਣੇ ਬੂਥ ਦੀ ਕਥਿਤ ਤੌਰ ’ਤੇ ਭੰਨਤੋੜ ਕੀਤੀ। ਇੱਥੇ ਡਿਊਟੀ ਕਰ ਰਹੇ ਪਹਿਲੇ ਪੋਲਿੰਗ ਅਫ਼ਸਰ ਨੇ ਦੱਸਿਆ ਕਿ ਰਾਤ 2 ਵਜੇ ਇੱਕ ਪਾਰਟੀ ਦੇ ਕੁਝ ਲੋਕ ਆਏ ਅਤੇ ਬੈਲਟ ਬਾਕਸ ਵਿਚ ਪਾਣੀ ਪਾ ਦਿੱਤਾ। ਇਸ ਤੋਂ ਬਾਅਦ ਸਵੇਰੇ 7 ਵਜੇ ਦੂਜੀ ਧਿਰ ਦੇ ਲੋਕਾਂ ਨੇ ਆ ਕੇ ਭੰਨਤੋੜ ਕੀਤੀ। ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ਨੇ ਚੋਣਾਂ ਦੌਰਾਨ ਪੋਲਿੰਗ ਬੂਥਾਂ ਦਾ ਦੌਰਾ ਕੀਤਾ। ਵੋਟਰਾਂ ਅਤੇ ਉਮੀਦਵਾਰਾਂ ਨਾਲ ਗੱਲਬਾਤ ਕੀਤੀ। ਹਿੰਸਾ ਦੀਆਂ ਘਟਨਾਵਾਂ 'ਤੇ ਰਾਜਪਾਲ ਨੇ ਕਿਹਾ ਕਿ ਅਜਿਹਾ ਕਿਉਂ ਹੋ ਰਿਹਾ ਹੈ, ਇਸ ਬਾਰੇ ਸਮੁੱਚੇ ਨਾਗਰਿਕ ਸਮਾਜ ਨੂੰ ਸੋਚਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਵੋਟਾਂ ਪਾਉਣ। ਬੋਸ ਨੇ ਕਿਹਾ ਕਿ 'ਅੱਜ ਕਿਸੇ 'ਤੇ ਦੋਸ਼ ਲਗਾਉਣ ਦਾ ਦਿਨ ਨਹੀਂ ਹੈ, ਅੱਜ ਸਾਡੇ ਲੋਕਾਂ ਨੂੰ ਸੁਰੱਖਿਅਤ ਰੱਖਣ ਦਾ ਦਿਨ ਹੈ।'