ਵਿਰੂਧੁਨਗਰ, 17 ਅਕਤੂਬਰ : ਤਾਮਿਲਨਾਡੂ ਦੇ ਵਿਰੂਧੁਨਗਰ ਜ਼ਿਲੇ ਦੇ ਰੰਗਾਪਲਯਾਮ ਅਤੇ ਕਿਚਨਿਆਕਨਪੱਟੀ 'ਚ ਮੰਗਲਵਾਰ ਨੂੰ ਦੋ ਵੱਖ-ਵੱਖ ਪਟਾਕਿਆਂ ਦੀਆਂ ਫੈਕਟਰੀਆਂ 'ਚ ਅੱਗ ਲੱਗਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਅਨੁਸਾਰ, ਪੁਲਿਸ, ਫਾਇਰ ਅਤੇ ਬਚਾਅ ਸੇਵਾ ਦੇ ਕਰਮਚਾਰੀਆਂ ਅਤੇ ਸਥਾਨਕ ਲੋਕਾਂ ਨੇ ਅੱਗ ਬੁਝਾਉਣ ਅਤੇ ਪੀੜਤਾਂ ਨੂੰ ਬਚਾਉਣ ਲਈ ਮਿਲ ਕੇ ਕੰਮ ਕੀਤਾ। ਉਨ੍ਹਾਂ ਕਿਹਾ, "ਸਿਵਾਕਾਸ਼ੀ ਦੀ ਪਟਾਕਾ ਫੈਕਟਰੀ ਵਿੱਚ ਅਚਾਨਕ ਹੋਏ ਧਮਾਕੇ ਤੋਂ ਬਾਅਦ ਘਟਨਾ ਸਥਾਨ ਤੋਂ ਸੱਤ ਸੜੀਆਂ ਹੋਈਆਂ ਲਾਸ਼ਾਂ ਮਿਲੀਆਂ ਹਨ ਅਤੇ ਅਜੇ ਤੱਕ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ।" ਅਧਿਕਾਰੀ ਨੇ ਕਿਹਾ ਕਿ ਪੁਲਿਸ ਨੂੰ ਸ਼ੱਕ ਹੈ ਕਿ ਮਰਨ ਵਾਲੇ ਮਜ਼ਦੂਰ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਹਾਲਤ ਵਿੱਚ ਮੌਕੇ ਤੋਂ ਬਾਹਰ ਕੱਢੇ ਗਏ ਤਿੰਨ ਹੋਰ ਵਿਅਕਤੀਆਂ ਦੀ ਵੀ ਬਾਅਦ ਵਿੱਚ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਪਟਾਕਾ ਫੈਕਟਰੀ 'ਚ ਅੱਗ ਲੱਗਣ ਦੀ ਦੂਜੀ ਘਟਨਾ ਕਿਚਿਨਯਕਨਾਪੱਟੀ ਪਿੰਡ 'ਚ ਵਾਪਰੀ, ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 35 ਸਾਲਾ ਵੈਂਬੂ ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਦੋ ਮਹਿਲਾ ਵਰਕਰਾਂ ਨੂੰ ਬਚਾਇਆ ਗਿਆ ਅਤੇ ਇਲਾਜ ਲਈ ਸ਼੍ਰੀਵਿਲੀਪੁਤੂਰ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਹਾਦਸੇ ਵਿੱਚ ਹੋਈਆਂ ਮੌਤਾਂ 'ਤੇ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 3-3 ਲੱਖ ਰੁਪਏ ਅਤੇ ਗੰਭੀਰ ਜ਼ਖ਼ਮੀਆਂ ਨੂੰ 1-1 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।