ਹੈਦਰਾਬਾਦ, 4 ਜੁਲਾਈ : ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ‘ਚ ਮੰਗਲਵਾਰ ਸਵੇਰੇ ਸਵੇਰ ਦੀ ਸੈਰ ‘ਤੇ ਨਿਕਲੀਆਂ ਤਿੰਨ ਔਰਤਾਂ ਨੂੰ ਇਕ ਕਾਰ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਦੋ ਔਰਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਤੀਜੀ ਔਰਤ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਸੀਸੀਟੀਵੀ ਫੁਟੇਜ ‘ਚ ਦੇਖਿਆ ਜਾ ਰਿਹਾ ਹੈ ਕਿ ਸੜਕ ਵਿਚ ਥੋੜ੍ਹਾ ਜਿਹਾ ਮੋੜ ਹੈ। ਡਰਾਈਵਰ ਨੇ ਔਰਤਾਂ ਨੂੰ ਦੇਖ ਕੇ ਬ੍ਰੇਕ ਲਗਾਈ ਪਰ ਲਾਲ ਰੰਗ ਦੀ ਕਾਰ ਦੀ ਰਫਤਾਰ ਇੰਨੀ ਜ਼ਿਆਦਾ ਸੀ ਕਿ ਉਸ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਕਾਰ ਦਾ ਪਿਛਲਾ ਹਿੱਸਾ ਪਹਿਲਾਂ ਫੁੱਟਪਾਥ ਨਾਲ ਟਕਰਾਉਂਦਾ ਹੈ, ਜਿਸ ਤੋਂ ਬਾਅਦ ਇਹ ਤਿੰਨੋਂ ਔਰਤਾਂ ਨੂੰ ਆਪਣੀ ਲਪੇਟ ਵਿਚ ਲੈ ਲੈਂਦਾ ਹੈ ਅਤੇ ਅੱਗੇ ਜਾ ਕੇ ਝਾੜੀਆਂ ਵਿਚ ਜਾ ਵੜਦਾ ਹੈ। ਇਸ ਘਟਨਾ ਸਬੰਧੀ ਹੈਦਰਾਬਾਦ ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਸ਼ਹਿਰ ਦੇ ਹੈਦਰਸ਼ਾਕੋਟ ਮੇਨ ਰੋਡ ‘ਤੇ ਸਵੇਰੇ ਕਰੀਬ 6:10 ਵਜੇ ਵਾਪਰਿਆ। ਤਿੰਨਾਂ ਔਰਤਾਂ ਦਾ ਆਪਸ ਵਿੱਚ ਕੀ ਰਿਸ਼ਤਾ ਹੈ, ਇਸ ਦੀ ਜਾਣਕਾਰੀ ਅਜੇ ਤੱਕ ਨਹੀਂ ਮਿਲ ਸਕੀ ਹੈ। ਕਿਸੇ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।