ਨਵੀਂ ਦਿੱਲੀ, 26 ਅਗਸਤ 2024 : ਦਿੱਲੀ ਦੇ ਸ਼ਾਸਤਰੀ ਪਾਰਕ ਇਲਾਕੇ ਵਿੱਚ ਇੱਕ ਟਰੱਕ ਨੇ ਡਿਵਾਈਡਰ ’ਤੇ ਸੁੱਤੇ ਪਏ 5 ਵਿਅਕਤੀਆਂ ਨੂੰ ਕੁਚਲ ਦਿੱਤਾ। ਸੋਮਵਾਰ ਸਵੇਰੇ 5.30 ਵਜੇ ਹੋਏ ਇਸ ਹਾਦਸੇ 'ਚ ਜ਼ਖਮੀ ਹੋਏ 5 ਲੋਕਾਂ ਨੂੰ ਜਗ ਪ੍ਰਵੇਸ਼ ਚੰਦਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਤਿੰਨ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜਦਕਿ ਦੋ ਨੂੰ ਗੰਭੀਰ ਹਾਲਤ ਵਿੱਚ ਜੀਟੀਬੀ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਸਾਰੇ ਪੰਜ ਲੋਕ ਬੇਘਰ ਸਨ। ਹਾਦਸੇ ਤੋਂ ਬਾਅਦ ਦੋਸ਼ੀ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕਾਂ ਵਿੱਚੋਂ ਇੱਕ ਦੀ ਪਛਾਣ ਜ਼ਾਕਿਰ ਵਜੋਂ ਹੋਈ ਹੈ। ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਸਵੇਰੇ ਸ਼ਾਸਤਰੀ ਪਾਰਕ ਇਲਾਕੇ 'ਚ ਪੀ.ਸੀ.ਆਰ. ਤੋਂ ਕਾਲ ਆਈ ਸੀਲਮਪੁਰ ਤੋਂ ਆ ਰਿਹਾ ਇਕ ਟਰੱਕ ਅਚਾਨਕ ਡਿਵਾਈਡਰ 'ਤੇ ਚੜ੍ਹ ਗਿਆ ਅਤੇ ਫੁੱਟਪਾਥ 'ਤੇ ਸੁੱਤੇ ਪਏ 5 ਲੋਕਾਂ ਨੂੰ ਕੁਚਲ ਦਿੱਤਾ। ਡਰਾਈਵਰ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀਆਂ ਨੂੰ ਜੇਪੀਸੀ ਹਸਪਤਾਲ ਲਿਜਾਇਆ ਗਿਆ। ਦੋਸ਼ੀ ਡਰਾਈਵਰ ਦੀ ਗ੍ਰਿਫਤਾਰੀ ਲਈ ਯਤਨ ਕੀਤੇ ਜਾ ਰਹੇ ਹਨ। ਮਾਮਲੇ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।