- ਯੋਗਸ਼ਾਲਾ ਦਾ ਲਾਹਾ ਲੈਣ ਲਈ ਟੋਲ ਫਰੀ ਨੰਬਰ 76694-00500 'ਤੇ ਕੀਤੀ ਜਾ ਸਕਦੀ ਹੈ ਕਾਲ
ਕੋਟਕਪੂਰਾ 28 ਨਵੰਬਰ 2024 : ਮੁੱਖ ਮੰਤਰੀ ਯੋਗਸ਼ਾਲਾ ਪ੍ਰੋਜੈਕਟ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਉਪਰਾਲਾ ਹੈ, ਜਿਸ ਰਾਹੀਂ ਲੋਕਾਂ ਨੂੰ ਸਿਹਤਮੰਦ ਰਹਿਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਤਹਿਤ ਬਲਾਕ ਕੋਟਕਪੂਰਾ ਵਿਖੇ ਵੱਖ ਵੱਖ ਥਾਵਾਂ ਤੇ ਯੋਗ ਕਲਾਸਾਂ ਸਫਲਤਾਪੂਰਵਕ ਚੱਲ ਰਹੀਆਂ ਹਨ, ਜਿੰਨਾ ਦਾ ਸ਼ਹਿਰ ਵਾਸੀ ਭਰਪੂਰ ਲਾਹਾ ਲੈ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ ਦਿੱਤੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸੀ.ਐਮ ਯੋਗਸ਼ਾਲਾ ਲੋਕਾਂ ਦੀ ਸਿਹਤ ਲਈ ਵਰਦਾਨ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਯੋਗਾ ਸਕੂਲ ਫਰੀਦਕੋਟ ਦੇ ਨਾਲ ਹੀ ਸਾਦਿਕ, ਕੋਟਕਪੂਰਾ ਅਤੇ ਜੈਤੋ ਵਿੱਚ ਵੀ ਹਨ। ਉਨ੍ਹਾਂ ਕਿਹਾ ਕਿ ਲੋਕ ਯੋਗਸ਼ਾਲਾ ਦਾ ਲਾਹਾ ਲੈਣ ਲਈ ਟੋਲ ਫਰੀ ਨੰਬਰ 76694-00500 'ਤੇ ਕਾਲ ਕਰ ਸਕਦੇ ਹਨ ਜਾਂ https://cmdiyogshala.punjab.gov.in 'ਤੇ ਲਾਗਇਨ ਕਰ ਸਕਦੇ ਹਨ। ਜ਼ਿਲ੍ਹਾ ਕੋਆਰਡੀਨੇਟਰ ਮੋਹਿਤ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਚਲਾਈ ਜਾ ਰਹੀ ਇਸ ਸਕੀਮ ਦਾ ਲੋਕਾਂ ਨੂੰ ਕਾਫੀ ਫਾਇਦਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਲਾਕ ਕੋਟਕਪੂਰਾ ਵਿਖੇ ਭਗਤ ਸਿੰਘ ਪਾਰਕ, ਅਨੰਦ ਨਗਰ, ਹੀਰਾ ਨਗਰ, ਬਾਬਾ ਫਰੀਦ ਪਾਰਕ, ਰਾਮ ਬਾਗ, ਬਾਬਾ ਜੀਵਨ ਸਿੰਘ ਗੁਰੂਦੁਆਰਾ, ਪਰਜਾਪਤੀ ਧਰਮਸ਼ਾਲਾ, ਐਸ.ਬੀ.ਐਸ ਸਟੇਡੀਅਮ, ਸ੍ਰੀ ਰਾਮ ਸ਼ਰਨਮ ਆਸ਼ਰਮ, ਅਰਵਿੰਦ ਕਲੋਨੀ, ਲਾਲਾ ਲਾਜਪਤ ਪਾਰਕ, ਪ੍ਰੇਮ ਨਗਰ, ਅਗਰਵਾਲ ਭਵਨ, ਅਮਨ ਨਗਰ, ਦਰਿਆ ਗਿਰੀ ਕਾ ਡੇਰਾ, ਗੋਬਿੰਦ ਪਾਰਕ ਆਦਿ ਵਿਚ ਕਲਾਸਾਂ ਚੱਲ ਰਹੀਆਂ ਹਨ। ਜਿਸ ਵਿੱਚ ਯੋਗਾ ਅਧਿਆਪਕ ਆਸਣ, ਪ੍ਰਾਣਾਯਾਮ ਅਤੇ ਧਿਆਨ ਆਦਿ ਰਾਹੀਂ ਬਿਨਾਂ ਦਵਾਈ ਦੇ ਸਰੀਰ ਦਾ ਇਲਾਜ ਕਰ ਰਹੇ ਹਨ। ਉਨ੍ਹਾਂ ਦੱਸਿਆਂ ਕਿ ਕੋਈ ਵੀ ਵਿਅਕਤੀ ਇਨ੍ਹਾਂ ਕਲਾਸਾਂ ਵਿੱਚ ਆ ਕੇ ਯੋਗਾ ਦਾ ਮੁਫਤ ਵਿੱਚ ਲਾਭ ਲੈ ਸਕਦਾ ਹੈ। ਉਨ੍ਹਾਂ ਦੱਸਿਆਂ ਕਿ ਜੇਕਰ ਕੋਈ ਵਿਅਕਤੀ ਆਪਣੀ ਕਲੋਨੀ ਜਾਂ ਪਾਰਕ ਵਿੱਚ ਕਲਾਸ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਘੱਟੋ-ਘੱਟ 25 ਮੈਂਬਰ ਹੋਣੇ ਲਾਜ਼ਮੀ ਹਨ।