ਰੋਪੜ ਵਿੱਚ ਸੀਵਰੇਜ ਦਾ ਕੁਨੈਕਸ਼ਨ ਲਗਾਉਂਦੇ ਸਮੇਂ ਦੋ ਵਿਅਕਤੀਆਂ ਦੀ ਗੈਸ ਚੜ੍ਹਨ ਕਾਰਨ ਮੌਤ, ਇੱਕ ਦੀ ਹਾਲਤ ਨਾਜ਼ੁਕ 

ਰੋਪੜ, 28 ਨਵੰਬਰ 2024 : ਰੋਪੜ ਵਿੱਚ ਐਨਸੀਸੀ ਅਕੈਡਮੀ ਰੋਪੜ ਵਿੱਚ ਸੀਵਰੇਜ ਦਾ ਕੁਨੈਕਸ਼ਨ ਲਗਾਉਂਦੇ ਸਮੇਂ ਦੋ ਵਿਅਕਤੀਆਂ ਦੀ ਗੈਸ ਚੜ੍ਹਨ ਕਾਰਨ ਮੌਤ ਹੋ ਗਈ, ਜਦਕਿ ਇੱਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮਰਨ ਵਾਲਿਆਂ ਵਿੱਚ ਇੱਕ ਮਜ਼ਦੂਰ ਤੇ ਇੱਕ ਹਰਿਆਣਾ ਐਨਸੀਸੀ ਦਾ ਹੈਡ ਕਾਂਸਟੇਬਲ ਪਿੰਟੂ ਜੋ ਕਿ ਬਿਹਾਰ ਦਾ ਰਹਿਣ ਵਾਲਾ ਹੈ ਤੇ ਮਜ਼ਦੂਰ ਦੀ ਪਹਿਚਾਣ ਵਿਨੇ ਭਗਤ (28) ਵਜੋਂ ਹੋਈ ਹੈ। ਜ਼ਖ਼ਮੀ ਨੂੰ ਰੋਪੜ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਐਨਸੀਸੀ ਦੇ ਅਧਿਕਾਰੀਆਂ ਦੀ ਤਾਂ ਉਹਨਾਂ ਦੇ ਵੱਲੋਂ ਹਾਲੇ ਤੱਕ ਮਾਮਲੇ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਮੌਕੇ ਉੱਤੇ ਪਹੁੰਚੀ ਹੈ ਤੇ ਇਸ ਮੌਕੇ ਥਾਣਾ ਸਿਟੀ ਦੇ ਐਸਐਚਓ ਪਵਨ ਕੁਮਾਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਦੋ ਵਿਅਕਤੀਆਂ ਦੀ ਇਸ ਦੌਰਾਨ ਮੌਤ ਹੋ ਚੁੱਕੀ ਹੈ ਤੇ ਇੱਕ ਜੇਰੇ ਇਲਾਜ ਹਸਪਤਾਲ ਦੇ ਵਿੱਚ ਦਾਖਿਲ ਹੈ। ਮੁਢਲੇ ਤੌਰ ਤੇ ਨਿਕਲ ਕੇ ਸਾਹਮਣੇ ਆਇਆ ਹੈ ਕਿ ਗੈਸ ਚੜਨ ਦੇ ਕਾਰਨ ਹੀ ਦੋਨਾਂ ਵਿਅਕਤੀਆਂ ਦੀ ਮੌਤ ਹੋਈ ਦੱਸੀ ਜਾ ਰਹੀ ਹੈ। ਪਹਿਲਾਂ ਵਿਅਕਤੀ ਜੋਕਿ ਸੀਵਰੇਜ ਲਾਈਨ ਨੂੰ ਜੋੜਨ ਦੇ ਲਈ ਸੀਵਰੇਜ ਟੈਂਕ ਵਿੱਚ ਉਤਰਿਆ ਸੀ। ਉਸ ਨੂੰ ਗੈਸ ਚੜੀ ਤੇ ਜਿਸ ਦੇ ਕਾਰਨ ਉਹ ਬੇਹੋਸ਼ ਹੋ ਗਿਆ। ਜਿਸ ਨੂੰ ਦੇਖ ਕੇ ਇੱਕ ਜਵਾਨ ਜਦੋਂ ਉਸ ਨੂੰ ਬਚਾਉਣ ਗਿਆ ਤਾਂ ਉਸਨੂੰ ਵੀ ਗੈਸ ਚੜ੍ਹੀ ਤਾਂ ਉਹ ਵੀ ਵਿੱਚ ਹੀ ਬੇਹੋਸ਼ ਹੋ ਗਿਆ। ਫਿਰ ਇਸ ਤੋਂ ਬਾਅਦ ਐਨਸੀਸੀ ਦੇ ਹੀ ਕੁਝ ਜਵਾਨਾਂ ਦੇ ਵੱਲੋਂ ਇਹਨਾਂ ਨੂੰ ਬੜੀ ਮੁਸ਼ਕਿਲ ਦੇ ਨਾਲ ਬਾਹਰ ਕੱਢਿਆ ਗਿਆ। ਇਸ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ। ਡਿਪਟੀ ਕਮਿਸ਼ਨਰ ਨੇ ਮਾਮਲੇ ਦੀ ਜਾਂਚ ਮੁਕੰਮਲ ਕਰਕੇ 48 ਘੰਟਿਆਂ ਵਿੱਚ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਰਿਪੋਰਟ ਆਉਣ ਤੋਂ ਬਾਅਦ ਸਬੰਧਤ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।