
- ਰੇਨ ਵਾਟਰ ਹਾਰਵੈਸਟਿੰਗ, ਛੱਪੜ ਆਦਿ ਰੀਚਾਰਜ ਢਾਚਿਆ ਸਬੰਧੀ ਜਾਣਕਾਰੀ ਪੋਰਟਲ *ਤੇ ਕੀਤੀ ਜਾਵੇ ਅਪਲੋਡ : ਡਿਪਟੀ ਕਮਿਸ਼ਨਰ
ਫਾਜ਼ਿਲਕਾ, 3 ਅਪ੍ਰੈਲ 2025 : ਜਲ ਸ਼ਕਤੀ ਮੰਤਰਾਲੇ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਇਸਦੀ ਸੰਜਮ ਵਰਤੋਂ ਕਰਨ ਲਈ ਸਰਕਾਰ ਪੁਰਜੋਰ ਯਤਨ ਕਰ ਰਹੀ ਹੈ ਤੇ ਇਸ ਸੰਬਧੀ ਵੱਖ—ਵੱਖ ਪਹਿਲਕਦਮੀਆਂ ਵੀ ਅਮਲ ਵਿਚ ਲਿਆਂਦੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਡਿਪਟੀ ਕਮਿਸ਼ਨਰ ਫਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਆਈ.ਏ.ਐਸ. ਨੇ ਜਲ ਸੰਚੈ ਜਨ ਭਾਗੀਦਾਰੀ ਸਕੀਮ ਅਧੀਨ ਭੂਮੀਗਤ ਪਾਣੀ ਰੀਚਾਰਜ ਢਾਂਚੇ ਨੂੰ ਮਜਬੂਤ ਕਰਨ ਲਈ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਬੈਠਕ ਦੌਰਾਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰਾਂ ਤੇ ਪਿੰਡਾਂ ਅੰਦਰ ਜ਼ੋ ਵੀ ਭੂਮੀਗਤ ਪਾਣੀ ਰੀਚਾਰਜ ਢਾਂਚੇ ਬਣਾਏ ਗਏ ਹਨ ਉਨ੍ਹਾਂ ਸਬੰਧੀ ਪ੍ਰਗਤੀ ਰਿਪੋਰਟ ਪੋਰਟਲ *ਤੇ ਅਪਡੇਟ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਿੰਡਾਂ ਅੰਦਰ ਜ਼ੋ ਵੀ ਛੱਪੜ ਬਣਾਏ ਗਏ ਹਨ, ਉਨ੍ਹਾਂ ਦੀ ਸਾਫ—ਸਫਾਈ ਉਪਰੰਤ ਰਿਚਾਰਜ ਲਈ ਵਰਤੋਂ ਵਿਚ ਲਿਆਉਣ ਲਈ ਉਪਰਾਲੇ ਕੀਤੇ ਜਾਣ। ਇਸ ਤੋਂ ਇਲਾਵਾ ਸਕੂਲਾਂ ਅਤੇ ਨਗਰ ਕੌਂਸਲ/ਨਗਰ ਨਿਗਮ ਦੀ ਹਦੂਦ ਅੰਦਰ ਰੇਨ ਵਾਟਰ ਹਾਰਵੈਸਟਿੰਗ ਪ੍ਰੋਜੈਕਟਾਂ ਸਬੰਧੀ ਵੀ ਜਾਣਕਾਰੀ ਪੋਰਟਲ ਵਿਚ ਦਰਜ ਕੀਤੀ ਜਾਵੇ। ਉਨ੍ਹਾਂ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਮੁਹਿੰਮ ਅਧੀਨ ਸਬੰਧਤ ਦੀ ਆਈ.ਡੀ. ਬਣਾਉਣ ਤੋਂ ਬਾਅਦ ਸਬੰਧਤ ਪ੍ਰੋਜੈਕਟ ਦੀ ਜੀ.ਓ ਟੈਗਿੰਗ ਦੀ ਫੋਟੋ ਅਪਲੋਡ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਸਮੂਹ ਬੀ.ਡੀ.ਪੀ.ਓਜ, ਕਾਰਜ ਸਾਧਕ ਅਫਸਰ, ਕੈਨਾਲ, ਭੂਮੀ ਰਖਿਆ ਵਿਭਾਗ, ਸਿਖਿਆ ਵਿਭਾਗ ਆਦਿ ਅਧਿਕਾਰੀਆਂ ਨੂੰ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉਚਾ ਚੁੱਕਣ ਸਬੰਧੀ ਗਤੀਵਿਧੀਆਂ ਉਲੀਕੀਆਂ ਸਬੰਧੀ ਹਦਾਇਤ ਕੀਤੀ।ਉਨ੍ਹਾਂ ਕਿਹਾ ਕਿ ਪਾਣੀ ਦੇ ਪੱਧਰ ਨੂੰ ਹੇਠ ਡਿਗਣ ਤੋਂ ਰੋਕਣ ਲਈ ਪਾਣੀ ਦੀ ਲੋੜ ਅਨੁਸਾਰ ਵਰਤੋਂ ਕਰਨੀ ਚਾਹੀਦੀ ਹੈ ਅਤੇ ਰੇਨ ਵਾਟਰ ਹਾਰਵੈਸਟਿੰਗ ਪ੍ਰੋਜੈਕਟ ਨੂੰ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿ) ਸੁਭਾਸ਼ ਚੰਦਰ, ਐਸ.ਡੀ.ਐਮ. ਫਾਜ਼ਿਲਕਾ ਕੰਵਰਜੀਤ ਸਿੰਘ ਮਾਨ, ਐਸ.ਡੀ.ਐਮ. ਅਬੋਹਰ ਕ੍ਰਿਸ਼ਨ ਪਾਲ ਰਾਜਪੂਤ, ਕਾਰਜ ਸਾਧਕ ਅਫਸਰ ਗੁਰਦਾਸ ਸਿੰਘ, ਪਰਵਿੰਦਰ ਸਿੰਘ ਉਪ ਜਿਲ੍ਹਾ ਸਿਖਿਆ ਅਫਸਰ, ਜਗਦੀਪ ਸਿੰਘ ਐਸ.ਡੀ.ਓ ਕੈਨਾਲ, ਬੀ.ਡੀ.ਪੀ.ਓ ਅੰਤਰਪ੍ਰੀਤ ਸਿੰਘ, ਗਗਨਦੀਪ ਕੌਰ, ਨਿਰਵੈਰ ਸਿੰਘ ਆਦਿ ਅਧਿਕਾਰੀ ਮੌਜੂਦ ਸਨ।