ਦਮਦਮਾ ਸਾਹਿਬ, 18 ਦਸੰਬਰ 2024 : ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫ਼ੇ ਦੀਆਂ ਚਰਚਾਵਾਂ ਵਿਚਾਲੇ ਗਿਆਨੀ ਹਰਪ੍ਰੀਤ ਸਿੰਘ ਖ਼ੁਦ ਮੀਡੀਆ ਸਾਹਮਣੇ ਆਏ ਹਨ। ਇਸ ਦੌਰਾਨ ਅਸਤੀਫ਼ੇ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਹੁਣ ਅਸਤੀਫਾ ਨਹੀਂ ਦੇਣਗੇ ਦੋ ਮਹੀਨੇ ਪਹਿਲਾਂ ਦਿੱਤਾ ਹੋਇਆ ਅਸਤੀਫਾ, ਜੇਕਰ ਸ਼੍ਰੋਮਣੀ ਕਮੇਟੀ ਪ੍ਰਵਾਨ ਕਰਨਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮਿਲੀ ਰਿਹਾਇਸ਼ ਨੂੰ ਖਾਲੀ ਕਰ ਚੁੱਕੇ ਹਨ। ਹੁਣ ਤਾਂ ਸਿਰਫ ਬੱਚਿਆਂ ਨੂੰ ਸ਼ਿਫਟ ਕਰਨਾ ਬਾਕੀ ਹੈ। ਜੇਕਰ ਸ਼੍ਰੋਮਣੀ ਕਮੇਟੀ ਉਹਨਾਂ ਦੀਆਂ ਸੇਵਾਵਾਂ ਖਤਮ ਕਰਨਾ ਚਾਹੁੰਦੀ ਹੈ ਤਾਂ ਉਹ ਕਰ ਸਕਦੀ ਹੈ। ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ। ਇਸ ਦੌਰਾਨ ਉਨ੍ਹਾਂ ਕਿਹਾ ਕਿ ਲਗਾਤਾਰ ਵਿਸ਼ੇਸ਼ ਵਿਅਕਤੀ ਮੇਰੀ ਕਿਰਦਾਕੁਸ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਮੁਕਤਸਰ ਸਾਹਿਬ ਤੋਂ ਇਕ 18 ਸਾਲ ਪੁਰਾਣਾ ਸਾਡਾ ਪਰਿਵਾਰਿਕ ਝਗੜਾ ਸੀ, ਜਿਸ ‘ਚ ਇਕ ਸਖ਼ਸ਼ ਨੂੰ ਲੈ ਕੇ ਮੀਡੀਆ ‘ਚ ਲਿਆ ਕੇ ਵੱਖ-ਵੱਖ ਇੰਟਰਵਿਊ ਕਰਵਾਈਆਂ ਜਾ ਰਹੀਆਂ ਹਨ, ਜਿਸ ਨੇ ਮੇਰੇ ‘ਤੇ ਬਹੁਤ ਵੱਡੇ ਇਲਜ਼ਾਮ ਲਾਏ ਗਏ ਸਨ ਅਤੇ ਜਿਸ ਦਾ ਜਵਾਬ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਦੇ ਚੁੱਕਾ ਹਾਂ। ਉਨ੍ਹਾਂ ਕਿਹਾ ਬਹੁਤ ਹੈਰਾਨ ਵਾਲੀ ਗੱਲ ਹੈ ਕਿ 2 ਦਸੰਬਰ ਤੋਂ ਬਾਅਦ 18 ਸਾਲ ਪੁਰਾਣਾ ਮਾਮਲਾ ਲਗਾਤਾਰ ਉਛਾਲਿਆ ਜਾ ਰਿਹਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਪੰਥ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ। ਮੈਨੂੰ ਕੱਢ ਦਿਓ ਪਰ ਇਸ ਤਰ੍ਹਾਂ ਦੇ ਘਟਿਆ ਇਲਜ਼ਾਮ ਨਾਲ ਲਾਓ, ਜੋ ਬਹੁਤ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਮੇਰਾ ਪਰਿਵਾਰ ਅਤੇ ਮੈਂ 15 ਦਿਨਾਂ ਤੋਂ ਬਹੁਤ ਪਰੇਸ਼ਾਨ ਹਾਂ। ਇਸ ਦੌਰਾਨ ਉਨ੍ਹਾਂ ਅੱਗੇ ਕਿਹਾ ਕਿ ਮੈਂ ਅੱਜ ਵੀ ਕਹਿੰਦਾ ਹਾਂ ਮੈਂ ਕੋਈ ਅਸਤੀਫਾ ਨਹੀਂ ਦੇਣਾ। ਹੋਰ ਵੀ ਦੋਸ਼ ਲਾਉਣੇ ਹਨ ਤਾਂ ਲਗਾ ਸਕਦੇ ਹੋ ਪਰ ਮੈਂ ਅਸਤੀਫਾ ਨਹੀਂ ਦੇਣਾ।