ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਐਮਰਜੈਂਸੀ 'ਚ ਮਰੀਜਾਂ ਲਈ ਮੁਫ਼ਤ ਦਵਾਈਆਂ ਦੀ ਸ਼ੁਰੂਆਤ ਕਰਵਾਈ

  • ਪਟਿਆਲਾ ਹੈਲਥ ਫਾਊਂਡੇਸ਼ਨ ਦੇ ਸਹਿਯੋਗ ਨਾਲ ਆਈ.ਸੀ.ਯੂ 'ਚ ਡਾਇਲੇਸਿਸ ਮਸ਼ੀਨ ਤੇ 8 ਵਾਟਰ ਕੂਲਰ ਵੀ ਮਰੀਜਾਂ ਨੂੰ ਸਮਰਪਿਤ ਕੀਤੇ
  • ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ 'ਚ ਮੁਫ਼ਤ ਦਵਾਈਆਂ ਦੀ ਸਹੂਲਤ ਮਰੀਜਾਂ ਤੇ ਵਾਰਸਾਂ ਲਈ ਵਰਦਾਨ ਸਾਬਤ ਹੋਵੇਗੀ- ਡਾ. ਬਲਬੀਰ ਸਿੰਘ

ਪਟਿਆਲਾ, 4 ਅਪ੍ਰੈਲ 2025 : ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ ਵਿਖੇ ਪੰਜਾਬ ਸਰਕਾਰ ਵੱਲੋਂ ਮਰੀਜਾਂ ਲਈ ਮੁਫ਼ਤ ਦਵਾਈਆਂ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਨੇ ਇਸ ਮੌਕੇ ਪਟਿਆਲਾ ਹੈਲਥ ਫਾਉਂਡੇਸ਼ਨ ਯੂ.ਐਯ.ਏ ਚੈਪਟਰ ਦੇ ਸਹਿਯੋਗ ਨਾਲ ਐਮਰਜੈਂਸੀ ਦੇ ਆਈ.ਸੀ.ਯੂ ਵਿਖੇ 11 ਲੱਖ ਰੁਪਏ ਦੀ ਲਾਗਤ ਨਾਲ ਲਗਾਈ ਗਈ ਗੁਰਦੇ ਦੇ ਮਰੀਜਾਂ ਦੇ ਡਾਇਲੇਸਿਸ ਲਈ ਨਵੀਂ ਮਸ਼ੀਨ ਅਤੇ ਹਸਪਤਾਲ ਅੰਦਰ ਨਵੇਂ ਲਗਾਏ ਗਏ 8 ਵਾਟਰ ਕੂਲਰ ਵੀ ਮਰੀਜਾਂ ਨੂੰ ਸਮਰਪਿਤ ਕੀਤੇ। ਉਨ੍ਹਾਂ ਕਿਹਾ ਕਿ ਐਮਰਜੈਂਸੀ ਵਿਖੇ ਹੁਣ ਮਰੀਜਾਂ ਦੇ ਵਾਰਸਾਂ ਨੂੰ ਬਾਹਰੋਂ ਕੋਈ ਦਵਾਈ ਨਹੀਂ ਮੰਗਵਾਉਣੀ ਪਵੇਗੀ, ਜਿਸ ਨਾਲ ਮਰੀਜਾਂ ਤੇ ਉਨ੍ਹਾਂ ਦੇ ਵਾਰਸਾਂ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਇਹ ਇੱਕ ਵਰਦਾਨ ਸਾਬਤ ਹੋਵੇਗੀ। ਡਾ. ਬਲਬੀਰ ਸਿੰਘ ਨੇ ਮੀਡੀਆ ਨਾਲ ਗ਼ੈਰ ਰਸਮੀ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ 2022 'ਚ 80 ਦੇ ਕਰੀਬ ਮੁਫ਼ਤ ਦਵਾਈਆਂ ਦੀ ਸ਼ੁਰੂਆਤ ਸੂਬੇ ਵਿੱਚ ਸਿਹਤ ਕਰਾਂਤੀ ਲਿਆਉਣ ਦੇ ਮਕਸਦ ਨਾਲ ਸ਼ੁਰੂ ਕੀਤੇ ਆਮ ਆਦਮੀ ਕਲੀਨਿਕਾਂ ਤੋਂ ਕੀਤੀ ਗਈ ਸੀ, ਜਿੱਥੋਂ 3 ਕਰੋੜ ਲੋਕ ਇਸ ਸਹੂਲਤ ਦਾ ਲਾਭ ਲੈ ਚੁੱਕੇ ਹਨ। ਇਸ ਤੋਂ ਬਾਅਦ 26 ਜਨਵਰੀ 2024 'ਚ ਸੈਕੰਡਰੀ ਹੈਲਥ ਕੇਅਰ ਜ਼ਿਲ੍ਹਾ ਹਸਪਤਾਲਾਂ, ਸਬ ਡਵੀਜਨ ਹਸਪਤਾਲ ਤੇ ਕਮਿਉਨਿਟੀ ਹੈਲਥ ਸੈਂਟਰਾਂ 'ਚ ਇਸ ਸਹੂਲਤ ਦੀ ਸ਼ੁਰੂਆਤ ਕੀਤੀ ਗਈ ਹੈ। ਹੁਣ ਟਰਸ਼ਰੀ ਕੇਅਰ ਤਹਿਤ ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ ਤੋਂ 100 ਫ਼ੀਸਦੀ ਮੁਫ਼ਤ ਦਵਾਈਆਂ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਪੜਾਅਵਾਰ ਸਾਰੇ ਪੰਜਾਬ ਵਿੱਚ ਦਵਾਈਆਂ ਮੁਫ਼ਤ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪ੍ਰਾਇਮਰੀ ਅਤੇ ਸੈਕੰਡਰੀ ਕੇਅਰ ਹਸਪਤਾਲ ਵਿਖੇ ਡਾਕਟਰ ਕੋਈ ਦਵਾਈ ਬਾਹਰੋਂ ਲਿਖਕੇ ਨਹੀਂ ਦੇ ਰਹੇ ਅਤੇ 276 ਜਰੂਰੀ ਦਵਾਈਆਂ ਦੀ ਸੂਚੀ 'ਚ ਸ਼ਾਮਲ ਸਾਰੀਆਂ ਦਵਾਈਆਂ ਮੁਫ਼ਤ ਮਿਲ ਰਹੀਆਂ ਹਨ ਪਰੰ ਜਿਹੜੀਆਂ ਦਵਾਈਆਂ ਇਸ ਸੂਚੀ ਤੋਂ ਬਾਹਰ ਹਨ, ਉਹ ਵੀ ਸਬੰਧਤ ਐਸ.ਐਮ.ਓਜ ਵੱਲੋਂ ਖਰੀਦ ਕੇ ਦਿੱਤੀਆਂ ਜਾ ਰਹੀਆਂ ਹਨ। ਪਰੰਤੂ ਜਿੱਥੇ ਕਿਤੇ ਇਹ ਦਵਾਈਆਂ ਨਹੀਂ ਮਿਲਦੀਆਂ, ਉਥੇ ਵੀ ਇਹ ਦਵਾਈਆਂ ਦਿਵਾਉਣ ਲਈ ਹੈਲਪਲਾਈਨ ਨੰਬਰ 73472-00994 ਲਿਖਕੇ ਲਗਾ ਦਿੱਤੇ ਗਏ ਹਨ ਅਤੇ ਜੇਕਰ ਦਵਾਈਆਂ ਨਹੀਂ ਮਿਲਦੀਆਂ ਤਾਂ ਐਸ.ਐਮ.ਓਜ ਜਵਾਬ ਦੇਹ ਹੋਣਗੇ। ਸਿਹਤ ਮੰਤਰੀ ਨੇ ਦੱਸਿਆ ਕਿ ਟਰਸ਼ਰੀ ਕੇਅਰ 'ਚ ਕੇਵਲ ਐਮਰਜੈਂਸੀ ਵਿਖੇ ਹੀ ਦਵਾਈਆਂ ਮੁਫ਼ਤ ਦੇਣ ਦੀ ਸ਼ੁਰੁਆਤ ਕੀਤੀ ਗਈ ਹੈ ਅਤੇ ਹੌਲੀ-ਹੌਲੀ ਸਾਰੇ ਵਿੰਗਜ 'ਚ ਇਹ ਦਵਾਈਆਂ ਮਿਲਣਗੀਆਂ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਰੋਗੀ ਕਲਿਆਣ ਸੰਮਤੀ, ਪਟਿਆਲਾ ਹੈਲਥ ਫਾਊਂਡੇਸ਼ਨ ਸਮੇਤ ਹੋਰ ਸਮਾਜ ਸੇਵੀ ਸੰਸਥਾਵਾਂ ਵੀ ਸਿਹਤ ਖੇਤਰ ਵਿੱਚ ਸਹਿਯੋਗ ਕਰ ਰਹੀਆਂ ਹਨ। ਪਟਿਆਲਾ ਹੈਲਥ ਫਾਊਂਡੇਸ਼ਨ ਯੂ.ਐਸ.ਏ. ਚੈਪਟਰ ਨੇ ਆਈ.ਸੀ.ਯੂ 'ਚ ਡਾਇਲੇਸਿਸ ਮਸ਼ੀਨ ਲਈ 11 ਲੱਖ ਰੁਪਏ ਖ਼ਰਚੇ ਹਨ ਅਤੇ 30 ਲੱਖ ਰੁਪਏ ਦੀ ਲਾਗਤ ਨਾਲ ਹਸਪਤਾਲ 'ਚ 8 ਵਾਟਰ ਕੂਲਰ ਦੇਣ ਸਮੇਤ ਦੋ ਲਾਅਨ ਤਿਆਰ ਕਰਵਾਉਣ ਤੋਂ ਇਲਾਵਾ ਮੈਡੀਕਲ ਕਾਲਜ ਦਾ ਸਪੋਰਟਸ ਗਰਾਊਂਡ ਵੀ ਮੈਨੇਟੇਨ ਕੀਤਾ ਜਾ ਰਿਹਾ ਹੈ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸੂਬਾ ਨਿਵਾਸੀਆਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਪਹਿਲੀ ਤਰਜੀਹ ਹੈ, ਜਿਸ ਤਹਿਤ ਰਾਜਿੰਦਰਾ ਹਸਪਤਾਲ ਨੂੰ ਸਰਕਾਰ ਵੱਲੋਂ ਲਗਾਤਾਰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਇਕ ਮੌਕੇ ਪਟਿਆਲਾ ਹੈਲਥ ਫਾਊਂਡੇਸ਼ਨ ਤੋਂ ਡਾ. ਸੁਧੀਰ ਵਰਮਾ ਤੇ ਡਾ. ਵਿਸ਼ਾਲ ਚੋਪੜਾ, ਕਰਨਲ ਕਰਮਿੰਦਰ ਸਿੰਘ, ਜਨ ਹਿਤ ਸੰਮਤੀ ਤੋਂ ਵਿਨੋਦ ਸ਼ਰਮਾ, ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ, ਮੈਡੀਕਲ ਸੁਪਰਡੈਂਟ ਡਾ. ਗਿਰੀਸ਼ ਸਾਹਨੀ, ਡਾ. ਵਿਸ਼ਾਲ ਚੋਪੜਾ, ਡਾ. ਆਰ.ਪੀ.ਐਸ. ਸਿਬੀਆ, ਡਾ. ਮਨਜਿੰਦਰ ਸਿੰਘ ਮਾਨ, ਡਾ. ਦੀਪਾਲੀ, ਡਾ. ਜਤਿੰਦਰ ਕਾਂਸਲ ਆਦਿ ਵੀ ਮੌਜੂਦ ਸਨ।