
- ਨਵਾਂ ਪਿੰਡ ਪਹੁੰਚ ਕੇ ਡਾਕਟਰ ਰਾਜਬੀਰ ਸਿੰਘ ਨੂੰ ਦਿੱਤਾ ਹਰਸੰਭਵ ਮਦਦ ਦਾ ਭਰੋਸਾ
ਅੰਮ੍ਰਿਤਸਰ,4 ਅਪ੍ਰੈਲ 2025 : ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਵਿੱਚ ਸਰਗਰਮ ਨਸ਼ਾ ਤਸਕਰਾਂ ਲੁਟੇਰਿਆਂ ਅਤੇ ਗੈਂਗਸਟਰਾਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਤੁਹਾਡੀ ਇਹ ਗੰਦੀ ਖੇਡ ਹੁਣ ਬਹੁਤੇ ਦਿਨ ਨਹੀਂ ਚੱਲੇਗੀ। ਅੱਜ ਨਵਾਂ ਪਿੰਡ ਵਿੱਚ ਡਾਕਟਰ ਰਾਜਬੀਰ ਸਿੰਘ, ਜਿਨਾਂ ਨੂੰ ਬੀਤੇ ਕੁਝ ਦਿਨਾਂ ਤੋਂ ਗੈਂਗਸਟਰਾਂ ਵੱਲੋਂ ਫਿਰੌਤੀ ਦੀਆਂ ਧਮਕੀਆਂ ਮਿਲ ਰਹੀਆਂ ਹਨ, ਦੇ ਘਰ ਪਹੁੰਚੇ ਸ ਧਾਲੀਵਾਲ ਨੇ ਕਿਹਾ ਕਿ ਮੈਂ ਲੁਟੇਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਡਾਕਟਰ ਰਾਜਬੀਰ ਸਿੰਘ ਇਸ ਲੜਾਈ ਵਿੱਚ ਇਕੱਲਾ ਨਹੀਂ ਬਲਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਸਾਰੀ ਸਰਕਾਰ ਇਸ ਦੇ ਨਾਲ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਪੁਲਿਸ ਨੂੰ ਇਸ ਲਈ ਵਿਸ਼ੇਸ਼ ਹਦਾਇਤਾਂ ਹਨ ਕਿ ਪਿਛਲੀਆਂ ਸਰਕਾਰਾਂ ਵੱਲੋਂ ਪਾਲੇ ਇਹਨਾਂ ਗੁੰਡਿਆਂ ਦਾ ਸ਼ਕਤੀ ਨਾਲ ਮੁਕਾਬਲਾ ਕੀਤਾ ਜਾਵੇ। ਉਹਨਾਂ ਕਿਹਾ ਕਿ ਮੇਰੀ ਇਸ ਕੇਸ ਵਿੱਚ ਵੀ ਜ਼ਿਲ੍ਹਾ ਪੁਲਿਸ ਮੁਖੀ ਨਾਲ ਗੱਲ ਹੋਈ ਹੈ। ਪੁਲਿਸ ਇਸ ਕੇਸ ਨੂੰ ਹੱਲ ਕਰਨ ਦੇ ਬਹੁਤ ਨੇੜੇ ਹੈ ਅਤੇ ਛੇਤੀ ਹੀ ਦੋਸ਼ੀ ਵਿਅਕਤੀ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ। ਉਹਨਾਂ ਕਿਹਾ ਕਿ ਅੱਜ ਮੈਂ ਜਿਲਾ ਪੁਲਿਸ ਮੁਖੀ ਨੂੰ ਕਹਿ ਕੇ ਇਹਨਾਂ ਨੂੰ ਦੋ ਗੰਨਮੈਨ ਦੇ ਦਿੱਤੇ ਹਨ ਅਤੇ ਉਥੇ ਉਨਾਂ ਨੂੰ ਮੈਂ ਇਹ ਵੀ ਪੇਸ਼ਕਸ਼ ਕੀਤੀ ਹੈ ਕਿ ਜਦੋਂ ਵੀ ਕਿਧਰੇ ਅਮਨ ਕਾਨੂੰਨ ਦੀ ਰਾਖੀ ਲਈ ਲੋੜ ਪਵੇ ਤਾਂ ਉਹ ਮੇਰੇ ਹਥਿਆਰਬੰਦ ਅੰਗ ਰੱਖਿਅਕਾਂ ਨੂੰ ਵੀ ਇਸ ਕੰਮ ਉੱਤੇ ਲਗਾ ਸਕਦੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਹਰੇਕ ਨਾਗਰਿਕ ਦੀ ਸੁਰੱਖਿਆ ਸਾਡੀ ਜਿੰਮੇਵਾਰੀ ਹੈ ਅਤੇ ਇਸ ਲਈ ਸਾਡੀ ਪੁਲਿਸ ਬਕਾਇਦਾ ਦਿਨ ਰਾਤ ਕੰਮ ਕਰ ਰਹੀ ਹੈ । ਸ ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿੱਚੋਂ ਅਜਿਹੇ ਵਿਅਕਤੀਆਂ ਦਾ ਖਾਤਮਾ ਕੀਤਾ ਜਾਵੇਗਾ ਜੋ ਕਿ ਆਮ ਸ਼ਹਿਰੀਆਂ ਲਈ ਡਰ ਦਾ ਮਾਹੌਲ ਪੈਦਾ ਕਰ ਰਹੇ ਹਨ।