- ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਦੀ ਕੀਤੀ ਅਪੀਲ
- ਕਿਸਾਨ ਖੇਤੀ ਸੰਦਾਂ ਦੀ ਵਰਤੋਂ ਕਰਦੇ ਹੋਏ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਖੇਤਾਂ ਵਿੱਚ ਵਾਹੁਣ
ਤਰਨ ਤਾਰਨ, 02 ਨਵੰਬਰ : ਜ਼ਿਲ੍ਹਾ ਤਰਨ ਤਾਰਨ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਸਖਤੀ ਨਾਲ ਰੋਕਣ ਦੀਆਂ ਹਦਾਇਤਾਂ ਦੇ ਬਾਵਜੂਦ ਲਗਤਾਰ ਵੱਧ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਅੱਜ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਵੱਖ-ਵੱਖ ਪਿੰਡਾਂ ਵਿੱਚ ਪਰਾਲੀ ਨੂੰ ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਅੱਗ ਬੁਝਾਊ ਅਮਲੇ ਦੀ ਗੱਡੀ ਅਤੇ ਸਬੰਧਿਤ ਅਧਿਕਾਰੀਆਂ ਨੂੰ ਨਾਲ ਲੈ ਕੇ ਮੌਕੇ ‘ਤੇ ਪਹੁੰਚੇ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਬਲਾਕ ਪੱਟੀ ਦੇ ਪਿੰਡ ਚੂਸਲੇਵਾੜ, ਬੋਪਾਰਾਏ, ਘਰਿਆਲਾ ਤੇ ਠੱਕਰਪੁਰਾ, ਬਲਾਕ ਵਲਟੋਹਾ ਦੇ ਪਿੰਡ ਆਸਲ ਉਤਾੜ, ਚੀਮਾ ਖੁਰਦ ਤੇ ਵਲਟੋਹਾ ਅਤੇ ਬਲਾਕ ਭਿੱਖੀਵਿੰਡ ਦੇ ਪਿੰਡ ਮਾੜੀ ਸੰਗਤਪੁਰਾ ਵਿਖੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਦਾ ਪਤਾ ਲੱਗਣ ‘ਤੇ ਮੌਕੇ ‘ਤੇ ਪਹੁੰਚ ਕੇ ਆਪਣੀ ਅਗਵਾਈ ਵਿੱਚ ਜਿੱਥੇ ਖੇਤਾਂ ਵਿੱਚ ਪਰਾਲੀ ਨੂੰ ਲੱਗੀ ਅੱਗ ਬੁਝਾਈ, ਉਥੇ ਖੇਤ ਮਾਲਕ ਨੂੰ ਮੌਕੇ ਉਤੇ ਬੁਲਾ ਕੇ ਅਜਿਹਾ ਕਰਨ ਤੋਂ ਰੋਕਿਆ ਅਤੇ ਅਪੀਲ ਕੀਤੀ ਕਿ ਕਿਸਾਨ ਪਰਾਲੀ ਨੂੰ ਅੱਗ ਨਾ ਲਗਾਉਣ ਤਾਂ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਰੋੋਕਿਆ ਜਾ ਸਕੇ। ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਨੇ ਕਿਹਾ ਕਿ ਜ਼ਿਲੇ ਦੇ ਸਾਰੇ ਉੱਚ ਅਧਿਕਾਰੀ, ਖੇਤੀਬਾੜੀ ਵਿਭਾਗ ਦੇ ਅਫ਼ਸਰ, ਪ੍ਰਦੂਸ਼ਣ ਵਿਭਾਗ ਅਤੇ ਇੰਨ੍ਹਾ ਤੋਂ ਇਲਾਵਾ ਪਰਾਲੀ ਦੀ ਅੱਗ ਨੂੰ ਰੋਕਣ ਲਈ ਜ਼ਿਲ੍ਹੇ ਵਿਚ ਲਗਾਏ ਗਏ 511 ਨੋਡਲ ਅਧਿਕਾਰੀ ਤੇ 52 ਕਲੱਸਟਰ ਅਫਸਰ ਇਸ ਕੰਮ ਵਿਚ ਲੱਗੇ ਹੋਏ ਹਨ।ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਅਪੀਲ ਦੇ ਮੱਦੇਨਜ਼ਰ ਜੇਕਰ ਕੋਈ ਕਿਸਾਨ ਪਰਾਲੀ ਨੂੰ ਅੱਗ ਲਗਾਏਗਾ ਤਾਂ ਉਸ ਵਿਰੁੱਧ ਬਣਦੀ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਪਰਾਲੀ ਇਕੱਠੀ ਕਰਨ ਅਤੇ ਉਸ ਨੂੰ ਖੇਤ ਵਿਚ ਵਾਹੁਣ ਲਈ ਹੈਪੀ ਸੀਡਰ, ਸੁਪਰ ਸੀਡਰ, ਸਰਫੇਸ ਸੀਡਰ ਵਰਗੇ ਸੰਦ ਦਿੱਤੇ ਹੋਏ ਹਨ। ਇਸ ਲਈ ਕਿਸਾਨ ਇੰਨਾ ਸੰਦਾਂ ਦੀ ਵਰਤੋਂ ਕਰਦੇ ਹੋਏ ਪਰਾਲੀ ਨੂੰ ਖੇਤਾਂ ਵਿੱਚ ਵਾਹੁਣ ਨਾ ਕਿ ਅੱਗ ਲਗਾਉਣ। ਉਨਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੋਵੇਂ ਇਸ ਵਿਸ਼ੇ ਉਤੇ ਬਹੁਤ ਗੰਭੀਰ ਹਨ, ਜਿਸ ਨੂੰ ਵੇਖਦੇ ਹੋਏ ਸਾਡੀ ਕੋਸ਼ਿਸ਼ ਵਾਤਾਵਰਣ ਬਚਾਉਣ ਲਈ ਲੱਗੇ ਹੋਏ ਹਨ, ਪਰ ਇਹ ਤਾਂ ਹੀ ਸੰਭਵ ਹੈ ਜੇਕਰ ਕਿਸਾਨ ਇਸ ਮੁੱਦੇ ਉਤੇ ਆਪਣੇ ਆਪ ਦਾ ਸਾਥ ਦਿੰਦੇ ਹੋਏ ਧਰਤੀ ਮਾਂ ਨੂੰ ਬੰਜ਼ਰ ਹੋਣ ਤੋਂ ਬਚਾਉਣ ਲਈ ਅੱਗੇ ਆਉਣ ਤੇ ਪਰਾਲੀ ਨੂੰ ਖੇਤਾਂ ਵਿੱਚ ਵਾਹੁਣ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਤਰਨ ਤਾਰਨ ਸ੍ਰੀ ਹਰਪਾਲ ਸਿੰਘ ਪੰਨੂ ਅਤੇ ਖੇਤੀਬਾੜੀ ਵਿਭਾਗ ਦੇ ਹੋਰ ਅਫ਼ਸਰਾਂ ਅਤੇ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਨੋਡਲ ਅਫ਼ਸਰ ਅਤੇ ਕਲੱਸਟਰ ਅਫ਼ਸਰ ਵੀ ਉਹਨਾਂ ਦੇ ਨਾਲ ਸਨ।