ਬਟਾਲਾ, 25 ਨਵੰਬਰ 2024 : ਪਿਛਲੇ ਸਮੇਂ ਤੋਂ ਬਟਾਲਾ ਸ਼ਹਿਰ ਨੂੰ ਹਰਾ-ਭਰਾ ਅਤੇ ਸਾਫ ਸੁਥਰਾ ਬਨਾੁੳਣ ਦੀ ਮੁਹਿੰਮ ਚਲਾ ਰਹੀ ਬਟਾਲਾ ਸ਼ਹਿਰ ਦੀ ਜਾਣੀ-ਮਾਣੀ ਸੋਸਾਇਟੀ ‘ਵਾਇਸ ਆਫ ਬਟਾਲਾ’ ਅਤੇ ਆਰ ਆਰ ਬਾਵਾ ਡੀ ਏ ਵੀ ਕਾਲਜ ਫਾਰ ਗਰਲਜ਼ ਬਟਾਲਾ ਨੇ ਕਾਲਜ ਦੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੀ ਅਗਵਾਈ ਹੇਠ ਐਮ. ਉ. ਯੂ ਸਾਈਨ ਕੀਤਾ। ਵਾਇਸ ਆਫ ਬਟਾਲਾ ਵੱਲੋਂ ਇਹ ਐਮ. ੳ. ਯੂ. ਸੋਸਾਇਟੀ ਦੇ ਪ੍ਰਧਾਨ ਡਾ. ਲਖਬੀਰ ਸਿੰਘ ਭਾਗੋਵਾਲੀਆ ਵੱਲੋਂ ਸਾਇਨ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦੇਂਦਿਆਂ ਵਾਇਸ ਆਫ ਬਟਾਲਾ ਦੇ ਸੰਯੁਕਤ ਸਕੱਤਰ ਪ੍ਰੋ. ਜਸਬੀਰ ਸਿੰਘ ਨੇ ਦੱਸਿਆ ਕਿ ਜਿੱਥੇ ਇਹ ਐਮ. ਉ. ਯੂ. ਸ਼ਹਿਰ ਨੂੰ ਹਰਾ-ਭਰਾ ਅਤੇ ਸਾਫ ਸੁਥਰਾ ਬਨਾੁੳਣ ਦੀ ਚਲਾਈ ਜਾ ਰਹੀ ਮੁਹਿੰਮ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਨੂੰ ਵਧਾੁਉਣ ਵਿੱਚ ਸਹਾਈ ਹੋਏਗਾ ਉੱਥੇ ਨਾਲ ਹੀ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਅਤੇ ਹਿੱਤਾਂ ਨੂੰ ਮੁੱਖ ਰੱਖਦਿਆਂ ਸਾਈਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੋਸਾਇਟੀ ਦੇ ਮਾਹਿਰਾਂ ਵੱਲੋਂ ਕਾਲਜ ਵਿਖੇ ਵਿਦਿਆਰਥੀਆਂ ਲਈ ਵੱਖ ਵੱਖ ਵਿਸ਼ਿਆਂ ਤੇ ਲੈਕਚਰ ਕਰਵਾਏ ਜਾਣਗੇ ਅਤੇ ਨਾਲ ਹੀ ਸ਼ਹਿਰ ਦੇ ਵਾਤਾਵਰਣ ਦੀ ਸ਼ੁੱਧਤਾ ਦੇ ਖੇਤਰ ਵਿੱਚ ਸਾਂਝੇ ਤੌਰ ਤੇ ਯਤਨ ਕੀਤੇ ਜਾਣਗੇ। ਇਸ ਮੌਕੇ ਵਾਇਸ ਆਫ ਬਟਾਲਾ ਦੇ ਪ੍ਰਧਾਨ ਡਾਕਟਰ ਲਖਬੀਰ ਸਿੰਘ ਭਾਗੋਵਾਲੀਆ ਨੇ ਵਾਇਸ ਆਫ ਬਟਾਲਾ ਦੀਆਂ ਗਤਿਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਵੋਇਸ ਆਫ ਬਟਾਲਾ ਦੀ ਪੂਰੀ ਟੀਮ ਸ਼ਹਿਰ ਬਟਾਲਾ ਨੂੰ ਕਲੀਨ, ਗਰੀਨ ਅਤੇ ਸੁੰਦਰ ਬਣਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਉਨਾਂ ਨੇ ਮੌਜੂਦ ਲੋਕਾਂ ਅਤੇ ਬੱਚਿਆਂ ਨੂੰ ਦੱਸਿਆ ਕਿ ਵਾਇਸ ਆਫ ਬਟਾਲਾ ਹੁਣ ਤੱਕ ਕਰੀਬ 7000 ਬੂਟੇ ਲਗਾ ਚੁੱਕਿਆ ਹੈ ਅਤੇ ਉਨ੍ਹਾਂ ਦੀ ਦੇਖਭਾਲ ਵੀ ਕਰ ਰਿਹਾ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਨੌਜਵਾਨ ਵਰਗ ਵੀ ਅੱਗੇ ਆਕੇ ਸੰਸਥਾ ਨਾਲ ਜੁੜੇ ਅਤੇ ਵੱਧ ਤੋਂ ਵੱਧ ਬੂਟੇ ਲਗਾਉਣ ਤਾਂ ਜੋ ਵਾਤਾਵਰਣ ਦਾ ਸੁਧਾਰ ਹੋ ਸਕੇ । ਉਨ੍ਹਾਂ ਨੇ ਵਾਇਸ ਆਫ ਬਟਾਲਾ ਦਾ ਫੇਸਬੁਕ ਪੇਜ ਲਾਇਕ ਕਰਨ ਦੀ ਵੀ ਅਪੀਲ ਕੀਤੀ ਤਾਂ ਜੋ ਸੰਸਥਾ ਵੱਲੋਂ ਕੀਤੀਆਂ ਜਾਣ ਵਾਲੀਆਂ ਵੱਖ ਵੱਖ ਗਤੀਵਿਧੀਆਂ ਦੀ ਜਾਣਕਾਰੀ ਸਭ ਨਾਲ ਸਾਂਝੀ ਹੋ ਸਕੇ। ਕਾਲਜ ਦੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਆਸ ਜਤਾਈ ਕਿ ਜਲਦ ਹੀ ਸਾਝੇਂ ਤੌਰ ਤੇ ਗਤੀਵਿਧੀਆਂ ਦਾ ਪ੍ਰਬੰਧਨ ਕੀਤਾ ਜਾਵੇਗਾ ਅਤੇ ਵਿਦਿਆਰਥੀ ਇਸ ਦਾ ਪੂਰਾ ਲਾਭ ਲੈਣਗੇ। ਪ੍ਰਿੰਸੀਪਲ ਖੋਸਲਾ ਨੇ ਸਭ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਆਰ ਆਰ ਬਾਵਾ ਕਾਲਜ ਦਾ ਸਮੂਹ ਸਟਾਫ ਵਿਦਿਆਰਥੀਆਂ ਦੀ ਬਹਤਰੀ ਲਈ ਹਮੇਸ਼ਾਂ ਯਤਨਸ਼ੀਲ ਹੈ ਅਤੇ ਅਜਿਹੇ ਸਮਝੌਤਿਆਂ ਲਈ ਕਾਲਜ ਦਾ ਰਵਈਆ ਹਮੇਸ਼ਾਂ ਹਾਂ ਪੱਖੀ ਹੈੈ। ਇਸ ਮੌਕੇ ਵਾਇਸ ਆਫ ਬਟਾਲਾ ਵੱਲੋਂ ਪ੍ਰਧਾਨ ਡਾ. ਲਖਬੀਰ ਸਿੰਘ ਭਾਗੋਵਾਲੀਆ, ਐਚ ਐਸ ਬਾਜਵਾ ਜਿਲ੍ਹਾ ਕਮਾਂਡੈਂਟ, ਪ੍ਰੋ ਜਸਬੀਰ ਸਿੰਘ, ਮਾਸਟਰ ਪ੍ਰੇਮ ਸਿੰਘ, ਦੀਪਕ ਪਥਰੀਆ ਅਤੇ ਕਾਲਜ ਵੱਲੋਂ ਪ੍ਰਿੰਸੀਪਲ ਡਾ. ਏਕਤਾ ਖੋਸਲਾ ਤੋਂ ਇਲਾਵਾ ਡਾ. ਲ਼ੱਕੀ ਸ਼ਰਮਾ ਡਾ. ਮਿਨਾਕਸ਼ੀ ਦੁੱਗਲ ਅਤੇ ਵਿਕੇਸ਼ ਕੁਮਾਰ ਮੌਜੂਦ ਸਨ।