ਰਾਜ ਪੱਧਰੀ ਖੇਡਾਂ ਦੇ ਸਫਲਤਾਪੂਰਵਕ ਨੇਪਰੇ ਚੜ੍ਹਨ 'ਤੇ ਜ਼ਿਲ੍ਹਾ ਖੇਡ ਅਫ਼ਸਰ ਨੇ ਕੀਤਾ ਧੰਨਵਾਦ

ਨਵਾਂਸ਼ਹਿਰ, 25 ਨਵੰਬਰ 2024 :" ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ 'ਖੇਡਾਂ ਵਤਨ ਪੰਜਾਬ ਦੀਆਂ- 2024 ਸੀਜ਼ਨ 3' ਦੇ ਤਹਿਤ ਲੈਮਰਿਨ ਟੈਂਕ ਸਕਿੱਲ ਯੂਨੀਵਰਸਿਟੀ ਬਲਾਚੌਰ ਵਿਖੇ ਰਾਜ ਪੱਧਰੀ ਬਾਕਸਿੰਗ ਮੁਕਾਬਲੇ ਬੀਤੇ ਦਿਨ ਸਫਲਤਾ ਪੂਰਵਕ ਸਮਾਪਤ ਹੋ ਗਏ। 9 ਦਿਨ ਚੱਲੇ ਇਨ੍ਹਾਂ ਮੁਕਾਬਲਿਆਂ ਵਿਚ ਸੂਬੇ ਭਰ ਤੋਂ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਮੁਜ਼ਾਹਰਾ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਵੰਦਨਾ ਚੌਹਾਨ ਵੱਲੋਂ ਇਸ ਟੂਰਨਾਮੈਂਟ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਮੂਹ ਕਨਵੀਨਰਾਂ, ਕੇ-ਕਨਵੀਨਰਾਂ, ਜ਼ਿਲ੍ਹਾ ਪ੍ਰਸ਼ਾਸ਼ਨ ਸ਼ਹੀਦ ਭਗਤ ਸਿੰਘ ਨਗਰਅਤੇ ਵੱਖ-ਵੱਖ ਜਿਲ੍ਹਿਆ ਤੋਂ ਆਏ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਇਹ ਟੂਰਨਾਮੈਂਟ ਕਰਵਾਉਣ ਵਿਚ ਸਾਥ ਨਿਭਾਇਆ। ਇਸੇ ਤਰ੍ਹਾਂ ਉਨ੍ਹਾਂ ਲੈਮਰਿਨ ਟੈਂਕ ਸਕਿੱਲ ਯੂਨੀਵਰਸਿਟੀ ਬਲਾਚੌਰ ਦੇ ਚਾਂਸਲਰ ਸੰਦੀਪ ਸਿੰਘ ਕੌੜਾ, ਰਜਿਸਟਰਾਰ ਰਾਜੀਵ ਮਹਾਜਨ, ਜੁਆਇੰਟ ਰਜਿਸਟਰਾਰ ਸਤਵੀਰ ਸਿੰਘ ਬਾਜਵਾ, ਸਹਾਇਕ ਡਾਇਰੈਕਟਰ ਰਾਮ ਮੈਅਰ ਅਤੇ ਰੀਤੂ ਰਾਣਾਵਤ ਡਾਇਰੈਕਟਰ ਡੀ.ਐਲ.ਡਬਲਯੂ ਤੇ ਕਾਲਜ ਦੇ ਵਲੰਟੀਅਰਜ਼, ਸਕਿਊਰਿਟੀ, ਲੇਬਰ ਅਤੇ ਸਮੂਹ ਸਟਾਫ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ, ਜਿਨ੍ਹਾਂ ਨੇ ਸਾਰੇ ਟੂਰਨਾਮੈਂਟ ਵਿਚ ਅਨੁਸ਼ਾਸਨ ਬਣਾਈ ਰੱਖਿਆ ਅਤੇ 'ਖੇਡਾਂ ਵਤਨ ਪੰਜਾਬ ਦੀਆਂ 2024' ਨੂੰ ਆਪਣੀ ਯੂਨੀਵਰਸਿਟੀ ਵਿਚ ਕਰਵਾਉਣ ਲਈ ਸਹਿਮਤੀ ਪ੍ਰਗਟਾਈ। ਇਸ ਤੋਂ ਇਲਾਵਾ ਉਨ੍ਹਾਂ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਟੂਰਨਾਮੈਂਟ ਵਿਚ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਤੋਂ ਇਲਾਵਾ ਜ਼ਿਲ੍ਹਾ ਖੇਡ ਅਫ਼ਸਰ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਕੋਚਿਜ਼ ਅਤੇ ਸਟਾਫ ਦੀ ਵੀ ਸ਼ਲਾਘਾ ਕੀਤੀ ਗਈ, ਜਿਨ੍ਹਾਂ ਨੇ ਆਪਣੀ-ਆਪਣੀ ਡਿਊਟੀ ਬਹੁਤ ਮਿਹਨਤ ਨਾਲ ਨਿਭਾਈ।