ਬਟਾਲਾ 04 ਨਵੰਬਰ : ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਵਿਖੇ ਪ੍ਰਿੰਸੀਪਲ ਬਲਵਿੰਦਰ ਸਿੰਘ ਦੀ ਯੋਗ ਅਗਵਾਈ ਅਤੇ ਪਲੇਸਮੈਂਟ ਅਫਸਰ ਜਸਬੀਰ ਸਿੰਘ ਦੀ ਦੇਖ ਰੇਖ ਹੇਠ ਅਪੋਲੋ ਹਸਪਤਾਲ ਦੇ ਬਿਲੀਅਨ ਹਾਰਟਸ ਬੀਟਿੰਗ ਫਾਉਂਡੇਸ਼ਨ ਦੀ ਟੀਮ ਵੱਲੋਂ ਵਿਦਿਆਰਥੀਆਂ ਨੂੰ ਅਪਾਤਕਾਲੀਨ ਮੈਡੀਕਲ ਸਤਿਥੀ ਵਿੱਚ ਜੀਵਨ ਬਚਾਉਣ ਦੇ ਮੁੱਢਲੇ ਹੁਨਰਾਂ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਸਿਖਲਾਈ ਕੈਂਪ ਲਗਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਜਸਬੀਰ ਸਿੰਘ ਨੇ ਬਿਲੀਅਨ ਹਾਰਟਸ ਬੀਟਿੰਗ ਫਾਉਂਡੇਸ਼ਨ ਤੋਂ ਆਏ ਮਾਹਰ ਰਾਜੇਸ਼ਵਰ ਸਿੰਘ ਅਤੇ ਅਰਸ਼ਦੀਪ ਸਿੰਘ ਦਾ ਸਵਾਗਤ ਕਰਦਿਆਂ ਆਸ ਜਤਾਈ ਕਿ ਇਹ ਸੈਸ਼ਨ ਵਿਦਿਆਰਥੀਆਂ ਲਈ ਲਾਭਕਾਰੀ ਸਿੱਧ ਹੋਏਗਾ। ਉਨ੍ਹਾਂ ਕਿਹਾ ਕਿ ਸਾਡੇ ਸਮਾਜ ਵਿੱਚ ਮੈਡੀਕਲ ਐਮਰਜੈਂਸੀ ਲਈ ਮੁੱਢਲੀ ਜੀਵਨ ਸਹਾਇਤਾ ਦੀ ਸਿਖਲਾਈ ਦੀ ਬਹੁਤ ਲੋੜ ਹੈ। ਆਏ ਹੋਏ ਮਾਹਰ ਰਾਜੇਸ਼ਵਰ ਸਿੰਘ ਨੇ ਦੱਸਿਆ ਕਿ ਬੁਨਿਆਦੀ ਜੀਵਨ ਸਹਾਇਤਾ ਨਾਲ ਸੰਭਧਤ ਇਸ ਸੈਸ਼ਨ ਦਾ ਉੱਦੇਸ਼ ਅਪਾਤਕਾਲੀਨ ਮੈਡੀਕਲ ਸੰਕਟਾਂ ਦੀ ਪਛਾਣ ਅਤੇ ਸੰਭਾਲਣ ਲਈ ਪ੍ਰਭਾਵਸ਼ਾਲੀ ਅਭਿਆਸਾਂ ਨਾਲ ਵਿਦਿਆਰਥੀਆਂ ਨੂੰ ਸਮਰੱਥ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਕਿਸੀ ਵੀ ਅਜਿਹੀ ਸਤਿਥੀ ਵਿੱਚ ਘਬਰਾਉਣ ਦੀ ਬਜਾਏ ਮੱਢਲੇ ਹੁਨਰਾਂ ਦੀ ਵਰਤੋਂ ਕਰਕੇ ਕਿਸੇ ਦਾ ਜੀਵਨ ਬਚਾਇਆ ਜਾ ਸਕਦਾ ਹੈ। ਅਰਸ਼ਦੀਪ ਸਿੰਘ ਨੇ ਵਿਦਿਆਰਥੀਆਂ ਲਈ ਇੰਸਾਨੀ ਡਮੀ ਤੇ ਸੀ.ਪੀ.ਆਰ. (ਕਾਰਡੀੳ ਪਲਮੋਨੇਰੀ ਰੀਸੱਸੀਟੇਸ਼ਨ) ਦਾ ਪ੍ਰਦਰਸ਼ਨ ਕੀਤਾ ਅਤੇ ਵਿਦਿਆਰਥੀਆਂ ਕੋਲੋਂ ਵੀ ਇਹ ਪ੍ਰਕਿਰੀਆ ਕਰਵਾਈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਮੁੱਡਲੀ ਡਾਕਟਰੀ ਸਹਾਇਤਾ ਬਾਰੇ ਵੀ ਜਾਣਕਾਰੀ ਦਿੱਤੀ। ਪ੍ਰਿੰ ਬਲਵਿੰਦਰ ਸਿੰਘ ਨੇ ਪ੍ਰੋਗਰਾਮ ਦੇ ਅੰਤ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਤਰਾਂ ਦੇ ਗੁਰ ਸਿੱਖਣਾ ਬਹੁਤ ਹੀ ਲਾਹੇਵੰਦ ਹੈ ਅਤੇ ਆਪਾਤਕਾਲੀਨ ਸਤਿਥੀ ਵਿੱਚ ਵਿਅਕਤੀ ਆਪਣੇ ਪਰਿਵਾਰ ਅਤੇ ਸਮਾਜ ਵਿੱਚ ਵੱਢਮੁੱਲੀ ਮਦਦ ਕਰ ਸਕਦਾ ਹੈ। ਉਨ੍ਹਾਂ ਆਏ ਹੋਏ ਮਾਹਰਾਂ ਵੱਲੋ ਇਸ ਕੈਂਪ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ। ਕਾਲਜ ਦੇ ਵਾਇਸ ਪ੍ਰਿੰਸੀਪਲ ਰਾਜਦੀਪ ਸਿੱੰਘ ਬੱਲ, ਸ਼ਿਵਰਾਜਨ ਪੁਰੀ, ਮੈਡਮ ਰੇਖਾ, ਰੰਜੂ ਸਲਹੋਤਰਾ ਅਤੇ ਕਿਰਨਦੀਪ ਕੌਰ ਨੇ ਵੀ ਇਸ ਸਿਖਲਾਈ ਕੈਂਪ ਵਿੱਚ ਭਾਗ ਲਿਆ।