ਗੁਰਦਾਸਪੁਰ, 19 ਅਕਤੂਬਰ ਜ਼ਿਲ੍ਹਾ ਯੋਜਨਾ ਕਮੇਟੀ: ਦੇ ਚੇਅਰਮੈਨ ਸ. ਜਗਰੂਪ ਸਿੰਘ ਸੇਖਵਾਂ ਵੱਲੋਂ ਪਿਛਲੇ ਸਮੇਂ ਤੋਂ ਗੁਰਦਾਸਪੁਰ-ਮੁਕੇਰੀਆਂ ਮਾਰਗ ਨੂੰ ਚਾਰ ਮਾਰਗੀ ਕਰਨ ਲਈ ਪੂਰੀ ਸੁਹਿਰਦਤਾ ਨਾਲ ਯਤਨ ਕੀਤੇ ਜਾ ਰਹੇ ਹਨ। ਇਸੇ ਸਬੰਧੀ ਵਿੱਚ ਸ. ਜਗਰੂਪ ਸਿੰਘ ਸੇਖਵਾਂ ਵੱਲੋਂ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰਕੇ ਇਸ ਮੁੱਦੇ ਨੂੰ ਉਠਾਇਆ ਗਿਆ ਸੀ। ਇਨ੍ਹਾਂ ਯਤਨਾਂ ਸਦਕਾ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਵੱਲੋਂ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਕੋਲ ਗੁਰਦਾਸਪੁਰ-ਮੁਕੇਰੀਆਂ ਮਾਰਗ ਨੂੰ ਚਾਰ ਮਾਰਗੀ ਕਰਨ ਦਾ ਮੁੱਦਾ ਉਠਾਇਆ ਗਿਆ ਹੈ ਜਿਸ ਉੱਪਰ ਉਨ੍ਹਾਂ ਵੱਲੋਂ ਹਾਂ-ਪੱਖੀ ਹੁੰਗਾਰਾ ਦਿੱਤਾ ਗਿਆ ਹੈ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਕੇਂਦਰ ਸਰਕਾਰ ਨਾਲ ਇਹ ਮੁੱਦਾ ਉਠਾਏ ਜਾਣ ’ਤੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਚੇਅਰਮੈਨ ਸ. ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਗੁਰਦਾਸਪੁਰ-ਮੁਕੇਰੀਆਂ ਮਾਰਗ ਨੂੰ ਚਾਰ ਮਾਰਗੀ ਕਰਨ ਦਾ ਇਹ ਮੁੱਦਾ ਲੋਕਾਂ ਨਾਲ ਜੁੜਿਆ ਹੋਇਆ ਹੈ ਅਤੇ ਲੰਮੇ ਸਮੇਂ ਤੋਂ ਲੋਕ ਇਸਦੀ ਮੰਗ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ-ਮੁਕੇਰੀਆਂ ਮਾਰਗ ਦੀ ਕੁੱਲ ਲੰਬਾਈ 23.80 ਕਿਲੋ ਮੀਟਰ ਹੈ, ਜਿਸ ਵਿੱਚੋਂ 16.60 ਕਿਲੋ ਮੀਟਰ ਦੀ ਲੰਬਾਈ ਜ਼ਿਲ੍ਹਾ ਗੁਰਦਾਸਪੁਰ ਅਧੀਨ ਅਤੇ ਬਾਕੀ 7.20 ਕਿਲੋ ਮੀਟਰ ਲੰਬਾਈ ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਹੈ। ਉਨ੍ਹਾਂ ਕਿਹਾ ਕਿ ਇਹ ਸੜਕ ਮੇਜਰ ਡਿਸਟ੍ਰਿਕਟ ਰੋਡ ਹੈ, ਜਿਸ ਦਾ ਰੋਡ ਕੋਡ -67 ਹੈ। ਇਹ ਸੜਕ 2 ਨੈਸ਼ਨਲ ਹਾਈਵੇ ਅੰਮ੍ਰਿਤਸਰ ਤੋਂ ਪਠਾਨਕੋਟ (-54) ਅਤੇ ਪਠਾਨਕੋਟ ਤੋਂ ਜਲੰਧਰ (-44) ਨੂੰ ਜੋੜਦੀ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ਤੇ ਜੰਮੂ ਅਤੇ ਸ਼੍ਰੀਨਗਰ ਨੂੰ ਆਉਣ-ਜਾਣ ਲਈ ਟੂਰਿਸਟ ਅਤੇ ਟਰਾਂਸਪੋਟੇਸ਼ਨ ਆਦਿ ਇਸ ਰੂਟ ਦੀ ਵਰਤੋਂ ਕਰਦੇ ਹਨ ਕਿਉਂਕਿ ਇਹ ਸ਼ਾਰਟ ਰੂਟ ਹੈ। ਇਸ ਸੜਕ ’ਤੇ ਕਈ ਪਿੰਡ ਪੈਂਦੇ ਹਨ। ਕਿਸਾਨ ਆਪਣੀਆਂ ਗੰਨੇ ਆਦਿ ਦੀਆਂ ਫਸਲਾਂ ਨੂੰ ਸ਼ੂਗਰ ਮਿੱਲ ਦਸੂਆ ਅਤੇ ਮੁਕੇਰੀਆਂ ਨੂੰ ਲਿਜਾਣ ਲਈ ਇਸ ਸੜਕ ਦੀ ਵਰਤੋਂ ਕਰਦੇ ਹਨ। ਇਸ ਸੜਕ ਤੋਂ ਇਤਿਹਾਸਿਕ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਅਤੇ ਗੁਰਦੁਆਰਾ ਸ਼ਹੀਦ ਬੀਬੀ ਸੁੰਦਰੀ ਨੂੰ ਸਿੱਧਾ ਰੂਟ ਜੁੜਦਾ ਹੈ, ਜਿਸ ਦੇ ਦਰਸ਼ਨਾਂ ਲਈ ਦੂਰ ਦੁਰਾਡੇ ਤੋਂ ਸ਼ਰਧਾਲੂ ਆਉਂਦੇ ਹਨ। ਸ. ਸੇਖਵਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਨਾਰਥ ਇੰਡੀਆਂ ਦੇ ਸਭ ਤੋਂ ਵੱਡੇ ਕੰਨਟੋਨਮੈਂਟਾਂ ਵਿੱਚੋਂ ਇਕ ਕੰਨਟੋਨਮੈਂਟ ਜੋ ਕਿ ਤਿਬੱੜੀ ਵਿਖੇ ਹੈ ਇਸ ਰੋਡ ਦੇ ਉਪਰ ਹੀ ਸਥਿਤ ਹੈ। ਆਰਮੀ ਦੇ ਹੈਵੀ ਲੋਡਿਡ ਵਹਿਕਲ ਅਤੇ ਟੈਕ ਆਦਿ ਆਵਾਜਾਈ ਲਈ ਇਸ ਸੜਕ ਦੀ ਵਰਤੋਂ ਕਰਦੇ ਹਨ। ਚੇਅਰਮੈਨ ਸ. ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਇਸ ਸੜਕ ਤੇ ਜਿਆਦਾ ਆਵਾਜਾਈ ਹੋਣ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਬਹੁਤ ਦਿੱਕਤ ਪੇਸ਼ ਆਊਂਦੀ ਹੈ ਅਤੇ ਹਾਦਸਿਆਂ ਦਾ ਖਦਸਾ ਰਹਿੰਦਾ ਹੈ। ਇਸ ਕਰਕੇ ਇਸ ਸੜਕ ਨੂੰ ਲੋਕ ਹਿੱਤ ਵਿੱਚ 2 ਲੇਨ ਚੋੜੀ ਤੋਂ 4 ਲੇਨ ਚੋੜੀ ਕਰਨ ਦੀ ਬਹੁਤ ਜ਼ਰੂਰਤ ਹੈ। ਸ. ਸੇਖਵਾਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਉਨ੍ਹਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਇਸ ਮਸਲੇ ਨੂੰ ਕੇਂਦਰ ਸਰਕਾਰ ਕੋਲ ਉਠਾਇਆ ਹੈ ਜਿਸ ਦਾ ਹਾਂ-ਪੱਖੀ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਇਹ ਪ੍ਰੋਜੈਕਟ ਮਨਜ਼ੂਰ ਹੋ ਜਾਵੇਗਾ।