ਅੰਮ੍ਰਿਤਸਰ : ਸਪੈਸ਼ਲ ਟਾਸਕ ਫੋਰਸ ਨੇ ਐਤਵਾਰ ਸਵੇਰੇ ਸਰਹੱਦੀ ਖੇਤਰ ਤੋਂ ਪਾਕਿਸਤਾਨ ਤੋਂ ਭਾਰਤ ਪਹੁੰਚੀ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਪਤਾ ਲੱਗਾ ਹੈ ਕਿ ਖੇਪ ਵਿਚ ਅੱਠ ਵਿਦੇਸ਼ੀ ਪਿਸਤੌਲ ਹਨ, ਜਿਨ੍ਹਾਂ ਨੂੰ ਭਾਰਤ-ਪਾਕਿ ਸਰਹੱਦ 'ਤੇ ਸਥਿਤ ਇਕ ਪਿੰਡ ਤੋਂ ਸਮੱਗਲਰਾਂ ਨੇ ਚੁੱਕ ਕੇ ਅੱਤਵਾਦੀਆਂ ਨੂੰ ਸੌਂਪਣਾ ਸੀ। ਸ਼ੱਕ ਹੈ ਕਿ ਉਕਤ ਖੇਪ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨੇ ਕੰਡਿਆਲੀ ਤਾਰ ਨੇੜੇ ਕਿਸੇ ਇਲਾਕੇ ਵਿੱਚ ਡਰੋਨ ਰਾਹੀਂ ਸੁੱਟਿਆ ਸੀ। ਅੱਠ ਪਿਸਤੌਲਾਂ ਵਿੱਚੋਂ ਚਾਰ ਚੀਨ ਵਿੱਚ ਬਣੇ ਦੱਸੇ ਜਾਂਦੇ ਹਨ। ਐਸਟੀਐਫ ਅਧਿਕਾਰੀ ਐਤਵਾਰ ਦੁਪਹਿਰ ਨੂੰ ਇਸ ਸਬੰਧ ਵਿੱਚ ਪ੍ਰੈੱਸ ਕਾਨਫਰੰਸ ਕਰ ਸਕਦੇ ਹਨ। ਜਾਣਕਾਰੀ ਮੁਤਾਬਕ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਾਕਿਸਤਾਨੀ ਸਮੱਗਲਰਾਂ ਨੇ ਡਰੋਨ ਰਾਹੀਂ ਹਥਿਆਰਾਂ ਦੀ ਖੇਪ ਕੰਡਿਆਲੀ ਤਾਰ ਨੇੜੇ ਸੁੱਟੀ ਹੈ। ਇਸ ਸਬੰਧੀ ਪਤਾ ਲੱਗਣ ’ਤੇ ਡੀਐਸਪੀ ਵਵਿੰਦਰ ਮਹਾਜਨ ਨੇ ਪੁਲਿਸ ਪਾਰਟੀ ਸਮੇਤ ਇਲਾਕੇ ਦੀ ਤਲਾਸ਼ੀ ਲਈ ਤਾਂ ਖੇਪ ਬਰਾਮਦ ਹੋਈ। ਪਤਾ ਲੱਗਾ ਹੈ ਕਿ ਮੌਕੇ 'ਤੇ ਮੌਜੂਦ ਟੀਮ ਮੈਂਬਰਾਂ ਨੂੰ ਧੁੰਦ ਕਾਰਨ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਜਿਸ ਕਾਰਨ ਖੇਪ ਚੁੱਕਣ ਲਈ ਪਹੁੰਚੇ ਤਸਕਰ ਵੀ ਪੁਲਿਸ ਨੂੰ ਦੇਖ ਕੇ ਭੱਜ ਗਏ। ਐਸਟੀਐਫ ਨੂੰ ਇਲਾਕੇ ਵਿੱਚ ਰਹਿੰਦੇ ਕੁਝ ਪੁਰਾਣੇ ਤਸਕਰਾਂ ਦੀ ਸੂਚੀ ਵੀ ਮਿਲੀ ਹੈ।