ਕਲਾਨੌਰ, 6 ਨਵੰਬਰ : ਭਾਰਤ-ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਨਾਲ ਦੇ ਪਿੰਡ ਪਿੰਡੀਆਂ ਸੈਦਾਂ ਵਿੱਚ ਛਾਪੇਮਾਰੀ ਕਰ ਕਲਾਨੌਰ ਪੁਲਿਸ ਨੇ 14 ਲੱਖ 75 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਜਿਸ ਸਬੰਧੀ ਮੁਹਾਲੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਐਤਵਾਰ ਦੀ ਰਾਤ ਐੱਸਟੀਐੱਫ ਤੇ ਬੀਐੱਸਐੱਫ ਸੈਕਟਰ ਗੁਰਦਾਸਪੁਰ ਦੇ ਜਵਾਨਾਂ ਵੱਲੋਂ ਪੁਲਿਸ ਥਾਣਾ ਕਲਾਨੌਰ ਅਧੀਨ ਆਉਂਦੇ ਪਿੰਡ ਅਗਵਾਨ ਵਿਖੇ ਧਰਮਿੰਦਰ ਸਿੰਘ ਪਿੰਦੀ ਦੇ ਘਰ ਛਾਪੇਮਾਰੀ ਕੀਤੀ ਗਈ ਇਸ ਦੀ ਨਿਸ਼ਾਨਦੇਹੀ 'ਤੇ ਉਸ ਦੇ ਦੂਸਰੇ ਸਾਥੀ ਪਿੰਡ ਕੋਟਲਾ ਮੁਗਲਾਂ ਦਾ ਗੁਰਦਿਆਲ ਸਿੰਘ ਜੋ ਪਿੰਡ ਪਿੰਡ ਦੀਆਂ ਸੈਦਾਂ ਵਿੱਚ ਆਪਣੇ ਨਾਨਕੇ ਗਿਆ ਸੀ, ਦੇ ਘਰ ਛਾਪੇਮਾਰੀ ਕੀਤੀ ਗਈ ਜਿੱਥੇ ਐੱਸਟੀਐੱਫ ਤੇ ਬੀਐੱਸਐੱਫ ਨੇ ਛਾਪੇਮਾਰੀ ਕਰਕੇ ਉਸ ਦੇ ਰਿਸ਼ਤੇਦਾਰ ਦੇ ਘਰੋਂ 14 ਲੱਖ 75 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਜਦ ਕਿ ਉਕਤ ਭੱਜਣ ਵਿੱਚ ਸਫਲ ਹੋ ਗਿਆ। ਦੂਸਰੇ ਪਾਸੇ ਮੁਹਾਲੀ ਪੁਲਿਸ ਸਟੇਸ਼ਨ ਵਿੱਚ ਐੱਸਟੀਐੱਫ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਐੱਫਆਈਆਰ ਵਿੱਚ ਆਪਣੇ ਬਿਆਨ ਕਲਮ ਬੰਦ ਕਰਵਾਉਂਦਿਆਂ ਮੁਲਜ਼ਮ ਧਰਮਿੰਦਰ ਸਿੰਘ ਨੇ ਦੱਸਿਆ ਕਿ ਸਾਥੀ ਗੁਰਦਿਆਲ ਸਿੰਘ ਵਾਸੀ ਕੋਟਲਾ ਮੁਗਲਾਂ ਨਾਲ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ਅਤੇ ਗੁਰਦਿਆਲ ਸਿੰਘ ਦੇ ਪਾਕਿਸਤਾਨ ਵਿੱਚ ਬੈਠੇ ਤਸਕਰ ਸ਼ਾਹ ਨਾਲ ਸਬੰਧ ਹਨ ਤੇ ਪਿਛਲੀ ਤਿੰਨ ਅਤੇ ਚਾਰ ਤਾਰੀਕ ਨੂੰ ਪਾਕਿਸਤਾਨ ਦੇ ਤਸਕਰ ਸ਼ਾਹ ਵੱਲੋਂ ਡ੍ਰੋਨ ਰਾਹੀਂ ਭੇਜੀ ਹੈਰੋਇਨ ਪਿੰਡ ਧੀਦੋਵਾਲ ਦੇ ਖੇਤਾਂ ਵਿੱਚ ਦੋ ਵਾਰ 6-6 ਪੈਕਟ ਜਿਨ੍ਹਾਂ ਦਾ ਵਜ਼ਨ ਅੱਧਾ-ਅੱਧਾ ਕਿਲੋ ਸੀ, ਹੈਰੋਇਨ ਮੰਗਵਾਈ ਸੀ ਜਿਸ ਨੂੰ ਗੁਰਦਿਆਲ ਸਿੰਘ ਆਪਣੇ ਮੋਟਰਸਾਈਕਲ 'ਤੇ ਰੱਖ ਕੇ ਲੈ ਜਾਂਦਾ ਸੀ। ਗੁਰਦਿਆਲ ਸਿੰਘ ਨੇ ਉਸ ਨੂੰ ਇੱਕ ਵਾਰ ਹੀ 50 ਹਜ਼ਾਰ ਰੁਪਏ ਦਿੱਤੇ ਸਨ ਅਤੇ ਧਰਮਿੰਦਰ ਸਿੰਘ ਦੀ ਇਤਲਾਹ 'ਤੇ ਪਿੰਡ ਪਿੰਡੀਆਂ ਸੈਦਾਂ ਵਿਖੇ ਸਰਦੂਲ ਸਿੰਘ ਦੇ ਘਰ ਛਾਪਾਮਾਰੀ ਕੀਤੀ ਤਾਂ ਗੁਰਦਿਆਲ ਸਿੰਘ ਭੱਜਣ ਵਿੱਚ ਸਫਲ ਹੋ ਗਿਆ ਜਿੱਥੇ ਉਸ ਦੇ ਬੈਗ ਵਿੱਚ ਪਈ 14 ਲੱਖ 75 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਇਸ ਸਬੰਧੀ ਮੁਹਾਲੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਰਿਮਾਂਡ ਸਬੰਧੀ ਪੁਲਿਸ ਥਾਣਾ ਕਲਾਨੌਰ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ।