ਅੰਮ੍ਰਿਤਸਰ 5 ਜਨਵਰੀ : ਸ੍ਰੀ ਘਨਸ਼ਾਮ ਥੋਰੀ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜਿਲ੍ਹਾ ਰੈਡ ਕਰਾਸ ਸੁਸਾਇਟੀ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੀਤੀ ਰਾਤ ਸੜ੍ਹਕ ਦੇ ਕਿਨਾਰੇ ਅਤੇ ਫੁਟਪਾਥਾਂ ’ਤੇ ਬੇਸਹਾਰਾ ਗਰੀਬ, ਲੇਬਰ, ਔਰਤਾਂ ਅਤੇ ਬੱਚਿਆਂ ਨੂੰ ਕੰਬਲਾਂ ਦੀ ਵੰਡ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰੈਡ ਕਰਾਸ ਹਮੇਸ਼ਾ ਹੀ ਲੋੜਵੰਦਾਂ ਦੀ ਮੱਦਦ ਕਰਨ ਲਈ ਅੱਗੇ ਰਿਹਾ ਹੈ। ਉਨਾਂ ਦੱਸਿਆ ਕਿ ਇਸ ਹੱਡ ਚੀਰਵੀਂ ਠੰਢ ਵਿੱਚ ਬੇਸਹਾਰਾ ਲੋਕ ਸੜ੍ਹਕਾਂ ਦੇ ਫੁੱਟਪਾਥਾਂ ’ਤੇ ਬੈਠੇ ਰਹਿੰਦੇ ਹਨ। ਇਸ ਲਈ ਠੰਢ ਤੋਂ ਬਚਾਅ ਲਈ ਉਕਤ ਲੋੜਵੰਦਾਂ ਨੂੰ ਗਰਮ ਕਪੜਿਆਂ ਦੀ ਸਖ਼ਤ ਲੋੜ ਹੈ। ਉਨਾਂ ਸੈਕਟਰੀ ਰੈਡ ਕਰਾਸ ਨੂੰ ਹਦਾਇਤ ਕੀਤੀ ਕਿ ਉਹ ਇਨਾਂ ਲੋੜਵੰਦਾਂ ਦਾ ਧਿਆਨ ਰੱਖਣ ਅਤੇ ਜਿੱਥੇ ਵਿੱਚ ਲੋੜ ਮਹਿਸੂਸ ਹੋਵੇ ਉਥੇ ਕੰਬਲ ਅਤੇ ਹੋਰ ਗਰਮ ਕੱਪੜੇ ਵੰਡੇ ਜਾਣ। ਉਨਾਂ ਕਿਹਾ ਕਿ ਰੈਡ ਕਰਾਸ ਸ਼ਹਿਰ ਵਾਸੀਆਂ ਦੀ ਸਹਾਇਤਾ ਲਈ ਹਰ ਵੇਲੇ ਲੋੜਵੰਦਾਂ ਦੀ ਮੱਦਦ ਕਰਦਾ ਹੈ ਅਤੇ ਇਹ ਰਵਾਇਤ ਇਸੇ ਤਰ੍ਹਾਂ ਚਲਦੀ ਰਹਿਣੀ ਚਾਹੀਦੀ ਹੈ। ਉਨਾਂ ਦੱਸਿਆ ਕਿ ਰੈਡ ਕਰਾਸ ਵਲੋਂ ਇਸ ਤੋਂ ਪਹਿਲਾਂ ਅੰਗਹੀਣ ਵਿਅਕਤੀਆਂ ਨੂੰ ਮੁਫ਼ਤ ਟਰਾਈਸਾਇਕਲ, ਵਹੀਲ ਚੇਅਰ, ਕੰਨਾਂ ਦੀਆਂ ਮਸ਼ੀਨਾਂ, ਭੋੜੀਆ, ਨਕਲੀ ਅੰਗ, ਵਿਧਵਾ ਔਰਤਾਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ। ਇਸ ਮੌਕੇ ਤੇ ਸਕੱਤਰ, ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਵਲੋਂ ਆਮ ਪਬਲਿਕ ਨੂੰ ਅਪੀਲ ਕੀਤੀ ਗਈ ਹੈ ਕਿ ਲੋਕ ਭਲਾਈ ਦੇ ਕੰਮਾਂ ਨੂੰ ਜਾਰੀ ਰਖਣ ਲਈ ਰੈਡ ਕਰਾਸ ਦੇ ਵੱਧ ਤੋਂ ਵੱਧ ਮੈਂਬਰ ਬਣਕੇ ਇਸ ਭਲਾਈ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਪਾਉਣ।