ਦੀਨਾਨਗਰ, 18 ਮਈ : ਕਿੰਨਰ ਸਮਾਜ ਦਾ 10 ਰੋਜ਼ਾ ਅਖਿਲ ਭਾਰਤੀ ਵਿਸ਼ਾਲ ਮਹਾਸੰਮੇਲਨ ਇਸ ਵਾਰ ਦੀਨਾਨਗਰ ਵਿੱਚ ਹੋਣ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਜ਼ੋਰਾਂ ਪੂਰੇ ਜ਼ੋਰਾਂ ਸ਼ੋਰਾਂ ਤੇ ਚਲ ਰਹੀਆਂ ਹਨ। ਮਨੁੱਖਤਾ ਦੇ ਭਲੇ ਦੀ ਅਰਦਾਸ ਨੂੰ ਲੈ ਕੇ 19 ਮਈ ਤੋਂ ਲੈ ਕੇ 29 ਮਈ ਤੱਕ ਕਰਵਾਏ ਜਾਣ ਵਾਲੇ ਇਸ ਸੰਮੇਲਨ ਲਈ ਕਿੰਨਰ ਸਮਾਜ ਵਿੱਚ ਵਧੇਰੇ ਉਤਸ਼ਾਹ ਦੇਖਿਆ ਜਾ ਰਿਹਾ ਹੈ। ਕਿੰਨਰ ਸਮਾਜ ਦੇ ਸਥਾਨਕ ਪ੍ਰਮੁੱਖ ਬਾਬਾ ਪ੍ਰਵੀਨ ਨੇ ਦੱਸਿਆ ਕਿ ਤਾਜ ਹੈਰੀਟੇਜ ਵਿੱਚ ਹੋਣ ਵਾਲੇ ਇਸ ਸਮਾਗਮ ਵਿੱਚ ਪੂਰੇ ਭਾਰਤ ਦੇ ਕਿੰਨਰ ਸਮਾਜ ਦੇ ਲੋਕ ਸ਼ਿਰਕਤ ਕਰਨਗੇ। ਸੰਮੇਲਨ ਦੌਰਾਨ 22 ਮਈ ਨੂੰ ਨਿਕਲਣ ਵਾਲੀ ਸ਼ੋਭਾ ਯਾਤਰਾ ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਹੋਵੇਗੀ। ਜਿਸ ਵਿਚ ਖੇਤਰੀ ਅਤੇ ਬਾਹਰ ਦੀਆਂ ਪ੍ਰਮੁੱਖ ਹਸਤੀਆਂ ਹਿੱਸਾ ਲੈਣਗੀਆਂ। ਉਨ੍ਹਾਂ ਕਿਹਾ ਕਿ ਕਿਨੰਰ ਸਮਾਜ ਸਿਰਫ ਲੋਕਾਂ ਦੀਆਂ ਖੁਸ਼ੀਆਂ ਦੇ ਮੌਕਿਆਂ ਵਿੱਚ ਹੀ ਇਸਲਈ ਸ਼ਰੀਕ ਹੁੰਦਾ ਹੈ ਕਿਉਂਕਿ ਉਹ ਹਮੇਸ਼ਾ ਸਮਾਜ ਅਤੇ ਮਨੁੱਖ ਨੂੰ ਉਸ ਦੀਆਂ ਖੁਸ਼ੀਆਂ ਵਿੱਚ ਵਾਧਾ ਹੋਣ ਦੀਆਂ ਦੁਆਵਾਂ ਦਿੰਦਾ ਹੈ। ਮਹੰਤ ਬਾਬਾ ਪ੍ਰਵੀਨ ਨੇ ਦੱਸਿਆ ਕਿ ਪਹਿਲੇ ਦੋ ਦਿਨ ਸਰਵ ਧਰਮ ਸੰਮੇਲਨ ਹੋਵੇਗਾ ਜਿਸ ਵਿੱਚ ਪੰਡਤ, ਇਮਾਮ ਮੌਲਵੀ, ਪਾਦਰੀ, ਗੁਰਦੁਆਰਾ ਸਾਹਿਬ ਤੋਂ ਭਾਈ ਸਾਹਿਬਾਨ ਆਦਿ ਸਰਵ ਧਰਮਾਂ ਦੇ ਧਰਮ ਪ੍ਰਚਾਰਕ ਮਿਲ ਕੇ ਮਨੁੱਖਤਾ ਦੇ ਭਲੇ ਦੀਆਂ ਪ੍ਰਾਰਥਨਾਵਾਂ ਕਰਨਗੇ। ਉਸ ਤੋਂ ਬਾਅਦ ਖੁਸ਼ੀ ਦੇ ਦੋ ਦਿਨਾਂ ਵਿੱਚ ਸ਼ੋਭਾ ਯਾਤਰਾ ਦੌਰਾਨ ਮਹਾਰਾਜਾ ਰਣਜੀਤ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਤੋਂ ਮਹੰਤ ਨੱਚਦੇ-ਗਾਉਂਦੇ ਸ਼ੁਰੂ ਕਰਨਗੇ ਅਤੇ ਭੂਤਨਾਥ ਮੰਦਿਰ ਵਿਖੇ ਸ਼ੋਭਾ ਯਾਤਰਾ ਨੂੰ ਵਿਸ਼ਰਾਮ ਦੇਣਗੇ। ਬਾਅਦ ਦੇ ਕੁੱਝ ਦਿਨ ਕਿੰਨਰ ਪੰਚਾਇਤ ਅਤੇ ਬੈਠਕਾਂ ਦੇ ਹੋਣਗੇ ਜਿਸ ਵਿਚ ਸਿਰਫ ਕਿੰਨਰ ਸਮਾਜ ਦੇ ਲੋਕ ਹੀ ਹਿੱਸਾ ਲੈ ਸਕਦੇ ਹਨ। ਇਹਨਾਂ ਪੰਚਾਇਤਾਂ ਵਿੱਚ ਕਿੰਨਰ ਸਮਾਜ ਦੇ ਕਈ ਮਾਮਲਿਆਂ ਅਤੇ ਵਿਵਾਦਾਂ ਦੇ ਸਰਵ ਸੰਮਤੀ ਨਾਲ ਫੈਸਲੇ ਕੀਤੇ ਜਾਂਦੇ ਹਨ। ਇਸ ਲਈ ਇਹ ਪੰਚਾਇਤਾਂ ਆਮ ਲੋਕਾਂ ਲਈ ਨਹੀਂ ਹੁੰਦੀਆਂ ਪਰ ਹਰ ਰੋਜ਼ ਲੱਗਣ ਵਾਲੇ ਮੇਲੇ ਵਿਚ ਹਰ ਆਦਮੀ ਹਿੱਸਾ ਲੈ ਸਕਦਾ ਹੈ ਜਿਸ ਵਿਚ ਵੱਖ-ਵੱਖ ਤਰ੍ਹਾਂ ਦੇ ਬਾਜ਼ਾਰ ਵੀ ਮੇਲੇ ਦੀਆਂ ਰੌਣਕਾਂ ਬਣਦੇ ਹਨ। ਬਜ਼ਾਰਾਂ ਵਿਚ ਭਾਰਤ ਦੇ ਵੱਖ ਵੱਖ ਇਲਾਕਿਆਂ ਤੋਂ ਲੋਕ ਆ ਕੇ ਹੱਥ ਨਾਲ ਬਣੀਆਂ ਚੀਜ਼ਾਂ ਅਤੇ ਹੋਰ ਸਮਾਨ ਦੀਆਂ ਆਪਣੀਆਂ ਦੁਕਾਨਾਂ ਲਗਾਉਂਦੇ ਹਨ ਅਤੇ ਰੋਜ਼ੀ-ਰੋਟੀ ਕਮਾਂਉਂਦੇ ਹਨ। ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਕਿੰਨਰ ਸਮਾਜ ਦਾ ਮਹਾਂਸੰਮੇਲਨ ਇਸ ਵਾਰ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਦੀਨਾਨਗਰ ਵਿੱਚ ਆਪਣੀਆਂ ਰੌਣਕਾਂ ਤਾਂ ਬਿਖੇਰੇਗਾ ਹੀ ਨਾਲ ਹੀ ਲੋਕਾਂ ਨੂੰ ਇਸ ਮਹਾਂ ਸੰਮੇਲਨ ਵਿਚ ਕਿੰਨਰ ਸਮਾਜ ਵਿੱਚ ਪ੍ਰਚਲਤ ਧਾਰਮਿਕ ਅਤੇ ਹੋਰ ਕਈ ਅਨੋਖੀਆਂ ਰੀਤਾਂ ਦੇ ਦਰਸ਼ਨ ਕਰਨ ਨੂੰ ਵੀ ਮਿਲਣਗੇ।