ਸਿੱਖ ਸੰਸਥਾ ਦਾ ਬਿਨਾ ਪੱਖ ਲਏ ਖ਼ਬਰਾਂ ਲਗਾਉਣੀਆਂ ਤਰਕਸੰਗਤ ਨਹੀਂ : ਸਤਵੰਤ ਕੌਰ 

ਅੰਮ੍ਰਿਤਸਰ, 7 ਮਈ 2025 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਾਇਕ ਡਾਇਰੈਕਟਰ ਸਕੂਲਜ਼ ਸਤਵੰਤ ਕੌਰ ਨੇ ਅਖ਼ਬਾਰਾਂ ਵਿਚ ਸਿੱਖ ਸੰਸਥਾ ਦੇ ਸਿੱਖਿਆ ਡਾਇਰੈਕਟੋਰੇਟ ਬਾਰੇ ਛਪੀਆਂ ਖ਼ਬਰਾਂ ਨੂੰ ਤੱਥ ਰਹਿਤ ਕਰਾਰ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਵਿੱਦਿਅਕ ਸੰਸਥਾਵਾਂ ਅਤੇ ਡਾਇਰੈਕਟੋਰੇਟ ਨੇ ਹਮੇਸ਼ਾ ਹੀ ਵਿਦਿਆ ਦੇ ਪ੍ਰਚਾਰ ਪ੍ਰਸਾਰ ਲਈ ਵੱਡਮੁੱਲੇ ਕਾਰਜ ਕੀਤੇ ਹਨ। ਉਨ੍ਹਾਂ ਜਾਰੀ ਇਕ ਬਿਆਨ ਵਿਚ ਆਖਿਆ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਮਹਾਨ ਅਤੇ ਸ਼ਾਨਾਮੱਤੀ ਸੰਸਥਾ ਹੈ, ਜਿਸ ਦਾ ਇਤਿਹਾਸ ਲਾਸਾਨੀ ਅਤੇ ਕੁਰਬਾਨੀਆਂ ਭਰਪੂਰ ਹੈ। ਸ਼੍ਰੋਮਣੀ ਕਮੇਟੀ ਦਾ ਪ੍ਰਮੁੱਖ ਕਾਰਜ ਪ੍ਰਬੰਧ ਅਧੀਨ ਆੳਂੁਦੇ ਗੁਰੂ ਘਰਾਂ ਦਾ ਸੁਚਾਰੂ ਢੰਗ ਨਾਲ ਪ੍ਰਬੰਧ ਚਲਾਉਣਾ ਅਤੇ ਸਿੱਖੀ ਪ੍ਰਚਾਰ ਤੇ ਪ੍ਰਸਾਰ ਹੈ। ਇਸ ਦੇ ਨਾਲ ਹੀ ਸਿੱਖ ਪਨੀਰੀ ਨੂੰ ਸਿੱਖੀ ਰਹੁਰੀਤਾਂ, ਪ੍ਰੰਪਰਾਵਾਂ ਅਤੇ ਗੌਰਵਮਈ ਕੌਮੀ ਵਿਰਸੇ ਨਾਲ ਜੋੜਨ ਲਈ ਸ਼੍ਰੋਮਣੀ ਕਮੇਟੀ ਨੇ ਵਿੱਦਿਅਕ ਅਦਾਰਿਆਂ ਦੀ ਲੋੜ ਨੂੰ ਮਹਿਸੂਸ ਕਰਦਿਆਂ 100 ਦੇ ਕਰੀਬ ਵਿੱਦਿਅਕ ਅਦਾਰਿਆਂ (ਸਕੂਲ/ਕਾਲਜ/ਅਕੈਡਮੀ/ਯੂਨੀਵਰਸਿਟੀ) ਨੂੰ ਸੁਚੱਜੇ ਅਤੇ ਨਿਯਮਿਤ ਤਰੀਕੇ ਨਾਲ ਚਲਾਉਣ ਦੀ ਪਹਿਲਕਦਮੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾ ਦੇ ਵਿੱਦਿਅਕ ਅਦਾਰਿਆਂ ਦੇ ਕਾਰਜ ਭਾਰ ਨੂੰ ਵਿਸ਼ੇਸ਼ ਸਮਾਂ ਅਤੇ ਤਵੱਜੋਂ ਦੇਣ ਲਈ 2007 ਵਿੱਚ ਡਾਇਰੈਕਟੋਰੇਟ ਆਫ ਐਜ਼ੂਕੇਸ਼ਨ ਦੀ ਸਥਾਪਨਾ ਕੀਤੀ ਗਈ ਸੀ। ਪਿਛਲੇ ਕੁਝ ਸਮੇਂ ਤੋਂ ਜਿੱਥੇ ਪੰਥਕ ਸਫਾਂ ਵਿੱਚ ਕਈ ਉਤਰਾਅ-ਚੜ੍ਹਾਅ ਆਏ ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਦਿਅਕ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ਨੂੰ ਗੰਭੀਰਤਾ ਨਾਲ ਲੈਣਾ ਬੇਹੱਦ ਜਰੂਰੀ ਹੈ। ਉਨ੍ਹਾਂ ਕਿਹਾ ਕਿ ਸੰਸਥਾਵਾਂ ਦੇ ਵਡੇਰੇ ਹਿੱਤਾਂ ਨੂੰ ਅਣਗੌਲਿਆਂ ਕਰਦੇ ਹੋਏ ਮੀਡੀਆ ਰਾਹੀਂ ਕੁਝ ਅਧੂਰੇ ਤੱਥਾਂ ਨੂੰ ਉਭਾਰਨਾ ਅਤੇ ਪ੍ਰਚਾਰਨਾ ਦੁਖਦਾਇਕ ਹੈ। ਉਨ੍ਹਾਂ ਆਖਿਆ ਕਿ ਡਾਇਰੈਕਟੋਰੇਟ ਆਫ ਐਜ਼ੂਕੇਸ਼ਨ ਵੱਲੋਂ ਸੰਸਥਾਂ ਦੇ ਵਿੱਦਿਆਕ ਅਦਾਰਿਆਂ ਨੂੰ ਸਮੇਂ-ਸਮੇਂ ਤੇ ਹਰੇਕ ਖੇਤਰ ਵਿੱਚ ਮਿਸਾਲੀ ਅਤੇ ਉਸਾਰੂ ਫੈਸਲਿਆ ਰਾਹੀਂ ਇੱਕ ਨਵੇਕਲੀ ਅਤੇ ਸੁਚੱਜੀ ਅਗਵਾਈ ਦਿੱਤੀ ਹੈ। ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਦੇ ਨਾਲ-ਨਾਲ ਸਿੱਖ ਵਿਦਵਾਨ ਬਣਾ ਕੇ ਇੱਕ ਨਰੋਏ ਸਮਾਜ ਦੀ ਸਿਰਜਨਾ ਕਰਨਾ ਹੈ ਅਤੇ ਅਦਾਰਾ ਇਹ ਕਾਰਜ ਬਾਖ਼ੂਬੀ ਨਿਭਾਅ ਰਿਹਾ ਹੈ। ਉਨ੍ਹਾਂ ਆਖਿਆ ਕਿ ਵਿੱਦਿਅਕ ਅਦਾਰਿਆਂ ਦਾ ਨਿਰਮਾਣ ਜਿੱਥੇ ਸ਼੍ਰੋਮਣੀ ਕਮੇਟੀ ਦੀ ਵਿੱਦਿਆ ਬਾਰੇ ਭਵਿੱਖ-ਦ੍ਰਿਸ਼ਟੀ ਨੂੰ ਰੂਪਮਾਨ ਕਰਦਾ ਹੈ, ਉਥੇ ਸਮਾਜ ਵਿੱਚ ਗੁਰੂ ਦੇ ਗਿਆਨ ਦੀ ਰੌਸ਼ਨੀ ਵਿੱਚ ਵਿੱਦਿਆ ਦੇ ਪ੍ਰਸਾਰ ਲਈ ਹੋ ਰਹੇ ਉਪਰਾਲਿਆਂ ਦਾ ਪ੍ਰਤੱਖ ਪ੍ਰਮਾਣ ਵੀ ਹੈ। ਵਿੱਦਿਅਕ ਅਦਾਰਿਆਂ ਦੇ ਸੁਚੱਜੇ ਪ੍ਰਬੰਧ ਲਈ ਡਾਇਰੈਕਟੋਰੇਟ ਆਫ ਐਜ਼ੂਕੇਸ਼ਨ ਦੀ ਸਥਾਪਨਾ ਇੱਕ ਮੀਲ ਪੱਥਰ ਹੈ। ਕਰੋਨਾ ਕਾਲ ਸਮੇਂ ਵਿਸ਼ਵ ਭਰ ਦੀਆਂ ਸੰਸਥਾਵਾਂ ਲਈ ਪੈਦਾ ਹੋਏ ਵਿੱਤੀ ਸੰਕਟ ਵਿਚੋਂ ਸਿੱਖ ਵਿਦਿਅਕ ਸੰਸਥਾਵਾਂ ਨੂੰ  ਗੁਰੂ ਦੀ ਗੋਲਕ ਤੇ ਬੇਲੋੜਾ ਬੋਝ ਪਾਏ ਬਿਨਾਂ ਸਮੇਂ ਸਿਰ ਗੰਭੀਰ ਵਿੱਤੀ ਸੰਕਟ ਵਿਚੋਂ ਉਭਾਰ ਕੇ  ਹਰੇਕ ਪੱਖ ਤੋਂ ਆਈ ਖੜੋਤ ਨੂੰ ਮੁੜ ਸੁਰਜੀਤ ਕਰਨਾ ਮਾਨਯੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਕੱਤਰ ਵਿੱਦਿਆ ਦੀ ਮਿਸਾਲੀ ਪ੍ਰਾਪਤੀ ਅਤੇ ਸੰਸਥਾਂ ਦੇ ਉਦੇਸ਼ਾਂ ਦੀ ਪੂਰਤੀ ਹਿੱਤ ਇੱਕ ਨਿਵੇਕਲਾ ਅਤੇ ਇਤਿਹਾਸਿਕ ਉਪਰਾਲਾ ਹੈ। ਵਿੱਦਿਅਕ ਅਦਾਰਿਆਂ ਵਿੱਚ ਪੱਕੇ ਤੌਰ ਤੇ ਭਰਤੀ ਲਈ ਅਖਬਾਰ ਵਿੱਚ ਇਸ਼ਤਿਹਾਰ ਦੇਣਾ, ਸਿਵਲ ਸਰਵਿਸਸ ਵਿੱਚ ਦਿਲਚਸਪੀ ਲੈਣ ਵਾਲੇ ਸਿੱਖ ਵਿਦਿਆਰਥੀਆਂ ਲਈ ਨਿਸ਼ਚੈ ਅਕੈਡਮੀ ਦੀ ਸਥਾਪਨਾ, ਸਿੱਖੀ ਜੀਵਨ ਜਾਂਚ ਲਈ ਗੁਰਮਤਿ ਟ੍ਰੇਨਿੰਗ ਕੈਂਪ ਲਗਾਉਣਾ, ਅਧਿਆਪਕਾਂ ਦੇ ਹੁਨਰ ਨੂੰ ਨਿਖਾਰਨ ਲਈ ਟ੍ਰੇਨਿੰਗ ਵਰਕਸ਼ਾਪ, ਕਾਲਜਾਂ ਵਿੱਚ ਪਲੇਸਮੈਂਟ ਸੈੱਲ, ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਵਿੱਦਿਅਕ ਕਾਨਫਰੰਸਾਂ, ਗਿਆਨ-ਪ੍ਰਚੰਡ ਤੇ ਕਾਵਿ-ਏ-ਸਿੱਖੀ ਮੁਕਾਬਲੇ ਅਤੇ ਲੰਮੇ ਸਮੇਂ ਤੋਂ ਵਿਦਿਅਕ ਅਦਾਰਿਆਂ ਦੇ ਪੈਂਡਿੰਗ ਚੱੱਲ ਰਹੇ ਆਡਿਟ ਦੇ ਕੰਮ-ਕਾਜ਼ ਨੂੰ ਅੱਪਡੇਟ ਕਰਨ ਅਤੇ ਨਵੀਂ ਪਿਰਤ ਪਾਉਣ ਦਾ ਸਿਹਰਾ ਮਾਨਯੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਕੱਤਰ ਵਿੱਦਿਆ (ਜਿਨ੍ਹਾਂ ਪਾਸ ਮੌਜੂਦਾ ਐਡੀਸ਼ਨਲ ਚਾਰਜ ਡਾਇਰੈਕਟਰ ਐਜ਼ੂਕੇਸ਼ਨ ਹੈ) ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਜਾਂਦਾ ਹੈ। ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਨੇ ਦਿਨ ਰਾਤ ਇੱਕ ਕਰਦਿਆਂ ਹਰੇਕ ਵਿਦਿਆ ਨੀਤੀ ਘੜਨ ਲਈ ਵਿਸ਼ੇਸ਼ ਮਾਹਿਰਾਂ, ਟ੍ਰੱਸਟੀ ਸਾਹਿਬਾਨਾਂ ਅਤੇ ਤਰਜ਼ਰਬੇਕਾਰ ਪ੍ਰਿੰਸੀਪਲ ਸਾਹਿਬਾਨਾਂ ਦੀਆਂ ਸੇਵਾਵਾਂ ਨੂੰ ਨਾਲ ਲੈ ਕੇ ਸੰਸਥਾ ਦੇ ਹਿੱਤਾਂ ’ਤੇ ਪਹਿਰਾ ਦਿੱਤਾ। ਇਨ੍ਹਾਂ ਸਮੁੱਚੇ ਸੇਵਾ ਕਾਰਜਾ ਨੂੰ ਅੱਖੋ ਪਰੋਖੇ ਕਰਕੇ ਸਕੱਤਰ ਵਿੱਦਿਆ/ਡਾਇਰੈਕਟਰ ਸਿੱਖਿਆਂ ਦੇ ਸਨਮਾਨਿਤ ਅਹੁਦੇ ਨੂੰ ਕੇਂਦਿਰਤ ਹੁੰਦਿਆ ਟੀਕਾ-ਟਿੱਪਣੀਆਂ ਤੋਂ ਉੱਪਰ ਉਠ ਕੇ ਕੁਰਬਾਨੀਆਂ ਦੀ ਨੀਂਹ ਤੇ ਟਿਕੀ ਇਸ ਸ਼ਾਨਾਮੱਤੀ ਸੰਸਥਾ ਦੀ ਮਾਣ-ਮਰਿਆਦਾ ਨੂੰ ਬਹਾਲ ਰੱਖਣਾ ਸਾਡੀ ਨੈਤਿਕ ਜਿੰਮੇਵਾਰੀ ਹੈ, ਆਉ ਸਾਰੇ ਮਿਲ ਕੇ ਇਸਦੇ ਵਿਕਾਸ ਅਤੇ ਤਰੱਕੀ ਦੀ ਗੱਲ ਕਰੀਏ।