
ਚੰਡੀਗੜ੍ਹ, 5 ਮਈ, 2025 : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਅੱਤਵਾਦੀ ਕੈਂਪਾਂ ‘ਤੇ ਭਾਰਤੀ ਰੱਖਿਆ ਬਲਾਂ ਵੱਲੋਂ ਕੀਤੇ ਗਏ ਸਟੀਕ ਹਮਲੇ ਦੀ ਸ਼ਲਾਘਾ ਕੀਤੀ। ਹਮਲੇ ਉੱਤੇ ਪ੍ਰਤੀਕਿਰਿਆ ਕਰਦੇ ਹੋਏ, ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਕਾਰਵਾਈ ਬਿਲਕੁਲ ਜਾਇਜ਼ ਸੀ, ਕਿਉਂਕਿ ਪਾਕਿਸਤਾਨ ਸਾਡੇ ਦੇਸ਼ ਵਿੱਚ ਅੱਤਵਾਦ ਨਿਰਯਾਤ ਕਰਨ ਤੋਂ ਪਿੱਛੇ ਨਹੀਂ ਹਟ ਰਿਹਾ ਸੀ। ਉਨ੍ਹਾਂ ਕਿਹਾ ਕਿ ਸਿਰਫ਼ ਦੋ ਹਫ਼ਤੇ ਪਹਿਲਾਂ ਪਹਿਲਗਾਮ ਵਿੱਚ ਪਾਕਿਸਤਾਨੀ ਅੱਤਵਾਦੀਆਂ ਵੱਲੋਂ 26 ਨਿਰਦੋਸ਼ ਭਾਰਤੀ ਸੈਲਾਨੀਆਂ ਦੀ ਹੱਤਿਆ ਕਰ ਦਿੱਤੀ ਗਈ ਸੀ। ਖੁਦ ਇੱਕ ਸਾਬਕਾ ਫੌਜੀ ਅਧਿਕਾਰੀ ਹੋਣ ਦੇ ਨਾਤੇ, ਕੈਪਟਨ ਅਮਰਿੰਦਰ ਨੇ ਭਾਰਤੀ ਰੱਖਿਆ ਬਲਾਂ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਪਾਕਿਸਤਾਨ ਅਤੇ ਪੀਓਕੇ ਵਿੱਚ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਸੰਜਮ ਅਤੇ ਸਟੀਕਤਾ ਦਾ ਸ਼ਾਨਦਾਰ ਉਦਾਹਰਣ ਦਿੱਤਾ ਹੈ। ਉਨ੍ਹਾਂ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਕਿ ਉਹ ਸੰਘਰਸ਼ ਨੂੰ ਵਧਾਉਣ ਦੀ ਕੋਸ਼ਿਸ਼ ਨਾ ਕਰੇ, ਨਹੀਂ ਤਾਂ ਆਪਣੀ ਤਬਾਹੀ ਆਪ ਕਰ ਲਵੇਗਾ। ਕੈਪਟਨ ਨੇ ਜੰਮੂ-ਕਸ਼ਮੀਰ ਦੇ ਪੁੰਛ ਖੇਤਰ ਵਿੱਚ ਪਾਕਿਸਤਾਨੀ ਫੌਜ ਵੱਲੋਂ ਨਾਗਰਿਕ ਇਲਾਕਿਆਂ ਉੱਤੇ ਕੀਤੇ ਹਮਲੇ ਦੀ ਵੀ ਨਿੰਦਾ ਕੀਤੀ, ਜਿਸ ਵਿੱਚ ਕਈ ਲੋਕਾਂ ਸ਼ਹੀਦ ਹੋ ਗਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਰਤ ਕਿਸੇ ਵੀ ਤਰ੍ਹਾਂ ਦੀ ਤਣਾਅ ਨਹੀਂ ਚਾਹੁੰਦਾ, ਪਰ ਉਸਨੇ ਪਹਿਲਗਾਮ ਹਮਲੇ ਵਿੱਚ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦੇਣ ਦਾ ਵਾਅਦਾ ਕੀਤਾ ਸੀ, ਜੋ ਪੂਰਾ ਕੀਤਾ ਗਿਆ ਹੈ। ਜੈਸ਼-ਏ-ਮੁਹੰਮਦ ਦੇ ਇੱਕ ਅੱਤਵਾਦੀ ਨੇ ਹਮਲੇ ਦੀ ਜ਼ਿੰਮੇਵਾਰੀ ਸਵੀਕਾਰ ਕੀਤੀ ਸੀ, ਹਾਲਾਂਕਿ ਉਹ ਆਪ ਬਚ ਗਿਆ, ਪਰ ਆਪਣੇ ਪਰਿਵਾਰ ਦੇ ਕਈ ਮੈਂਬਰ ਗੁਆ ਬੈਠਾ।ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਸਾਬਤ ਕਰਦਾ ਹੈ ਕਿ ਭਾਰਤੀ ਰੱਖਿਆ ਬਲ ਬਿਨਾਂ ਕਿਸੇ ਨਾਗਰਿਕ ਜਾਂ ਫੌਜੀ ਜਾਨੀ ਨੁਕਸਾਨ ਦੇ ਆਪਣੇ ਟੀਚਿਆਂ ਨੂੰ ਨਿਸ਼ਾਨਾ ਬਣਾਉਣ ਵਿੱਚ ਕਿੰਨੇ ਸਟੀਕ ਸਨ। “ਸਾਡਾ ਨਿਸ਼ਾਨਾ ਅੱਤਵਾਦੀ ਸਿਖਲਾਈ ਕੈਂਪ ਸੀ ਅਤੇ ਅਸੀਂ ਉਨ੍ਹਾਂ ਨੂੰ ਸਖਤ ਸਜ਼ਾ ਦਿੱਤੀ ਹੈ, ਅਤੇ ਇਹੀ ਅਸੀਂ ਕਰਨਾ ਚਾਹੁੰਦੇ ਸੀ,” ਉਨ੍ਹਾਂ ਟਿੱਪਣੀ ਕੀਤੀ।