ਗੁਰਦਾਸਪੁਰ : ਭਾਰਤ ਸਰਕਾਰ ਦੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ ਸ੍ਰੀ ਜੌਨ ਬਾਰਲਾ ਵੱਲੋਂ ਅੱਜ ਗੁਰਦਾਸਪੁਰ ਜ਼ਿਲੇ ਦਾ ਦੌਰਾ ਕੀਤਾ ਗਿਆ। ਕੇਂਦਰੀ ਰਾਜ ਮੰਤਰੀ ਸ੍ਰੀ ਬਾਰਲਾ ਨੇ ਸਭ ਤੋਂ ਪਹਿਲਾਂ ਕਾਦੀਆਂ ਵਿਖੇ ਘੱਟ ਗਿਣਤੀ ਸਮੁਦਾਇ ਨਾਲ ਸਬੰਧਤ ਅਹਿਮਦੀਆ ਜਮਾਤ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਉਪਰੰਤ ਉਹ ਕਾਹਨੂੰਵਾਨ ਵਿਖੇ ਸੇਂਟ ਜੌਸਫ ਕੈਥੋਲਿਕ ਚਰਚ ਵਿਖੇ ਕਰਵਾਏ ਗਏ ਕਿ੍ਰਸਮਿਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਈਸਾਈ ਭਾਈਚਾਰੇ ਨੂੰ ਕਿ੍ਰਸਮਿਸ ਦੀ ਵਧਾਈ ਦਿੰਦਿਆਂ ਕੇਂਦਰੀ ਰਾਜ ਮੰਤਰੀ ਸ੍ਰੀ ਬਾਰਲਾ ਨੇ ਕਿਹਾ ਕਿ ਭਾਰਤ ਸਮੇਤ ਪੂਰੀ ਦੁਨੀਆਂ ਵਿੱਚ ਕਿ੍ਰਸਮਿਸ ਦਾ ਤਿਉਹਾਰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਅਤੇ ਅੱਜ ਕਾਹਨੂੰਵਾਨ ਵਿਖੇ ਕਿ੍ਰਸਮਿਸ ਸਮਾਗਮ ਵਿੱਚ ਪਹੁੰਚ ਕੇ ਉਨਾਂ ਨੂੰ ਬਹੁਤ ਖੁਸ਼ੀ ਪ੍ਰਾਪਤ ਹੋਈ ਹੈ। ਉਨਾਂ ਕਿਹਾ ਕਿ ਸਾਨੂੰ ਪ੍ਰਭੂ ਯਿਸ਼ੂ ਮਸੀਹ ਵੱਲੋਂ ਦਿਖਾਏ ਪ੍ਰੇਮ ਦੇ ਰਸਤੇ ’ਤੇ ਚੱਲਦੇ ਹੋਏ ਸਮਾਜ ਵਿੱਚ ਆਪਸੀ ਭਾਈਚਾਰੇ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਸਾਡਾ ਦੇਸ਼ ਵੱਖ-ਵੱਖ ਧਰਮਾਂ, ਬੋਲੀਆਂ ਅਤੇ ਸੱਭਿਆਚਾਰਾਂ ਦਾ ਖੂਬਸੂਰਤ ਗੁਲਦਸਤਾ ਹੈ ਜਿਸ ਵਿੱਚ ਹਰ ਕੋਈ ਮਿਲ ਕੇ ਪਿਆਰ ਮੁਹੱਬਤ ਨਾਲ ਰਹਿੰਦਾ ਹੈ। ਉਨਾਂ ਕਿਹਾ ਕਿ ਇਸ ਤਰਾਂ ਇਕੱਠੇ ਰਹਿ ਕੇ ਹੀ ਅਸੀਂ ਆਪਣੇ ਦੇਸ਼ ਨੂੰ ਹੋਰ ਅੱਗੇ ਲਿਜਾ ਸਕਾਂਗੇ। ਉਨਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਘੱਟ ਗਿਣਤੀ ਸਮੁਦਾਇ ਲਈ ਕਈ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਜਿਨਾਂ ਦਾ ਲਾਭ ਹਰ ਘੱਟ ਗਿਣਤੀ ਸਮੁਦਾਇ ਨੂੰ ਬਿਨਾਂ ਕਿਸੇ ਭੇਦ-ਭਾਵ ਦਿੱਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕੇਂਦਰੀ ਰਾਜ ਮੰਤਰੀ ਸ੍ਰੀ ਬਾਰਲਾ ਨੇ ਆਪਣੇ ਸਾਥੀਆਂ ਸਮੇਤ ਸੇਂਟ ਜੌਸਫ ਕੈਥੋਲਿਕ ਚਰਚ ਕਾਹਨੂੰਵਾਨ ਵਿਖੇ ਮੱਥਾ ਟੇਕਿਆ। ਇਸ ਮੌਕੇ ਏ.ਡੀ.ਸੀ. (ਡੀ.) ਸ. ਮਨਮੋਹਨ ਸਿੰਘ, ਐੱਸ.ਡੀ.ਐੱਮ. ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ ਘੁੰਮਣ, ਸੇਂਟ ਜੌਸਫ ਕੈਥੋਲਿਕ ਚਰਚ ਕਾਹਨੂੰਵਾਨ ਦੇ ਫਾਦਰ ਵਿਲੀਅਮ ਸਹੋਤਾ, ਜੌਹਨ ਪੀਟਰ, ਪਰਮਿੰਦਰ ਸਿੰਘ ਗਿੱਲ, ਕਮਲ ਜੋਤੀ ਸਮੇਤ ਹੋਰ ਵੀ ਆਗੂ ਹਾਜ਼ਰ ਸਨ।