ਪਠਾਨਕੋਟ : ਪਾਕਿਸਤਾਨ ਵੱਲੋਂ ਡਰੋਨ ਰਾਹੀਂ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਬੀਤੀ ਰਾਤ ਪਠਾਨਕੋਟ ਨਾਲ ਲੱਗਦੀ ਭਾਰਤ-ਪਾਕਿ ਸਰਹੱਦ ਉੱਤੇ ਡਰੋਨ ਦੀ ਹਲਚਲ ਸੁਣਾਈ ਦਿੱਤੀ ਜਿਸ ਨੂੰ ਲੈ ਕੇ ਬੀਐਸਐਫ ਦੁਆਰਾ 5 ਰੌਂਦ ਫਾਇਰ ਕੀਤੇ ਗਏ। ਮਿਲੀ ਜਾਣਕਾਰੀ ਮੁਤਾਬਕ ਬਮਿਆਲ ਦੀ ਐਨਟੀਪੀ ਪੋਸਟ ਦੇ ਪਿੱਲਰ ਨੰਬਰ 7/2 ਦੇ ਕੋਲ ਡਰੋਨ ਦੀ ਹੱਲਚਲ ਦੇਖੀ ਗਈ। ਦਾਅਵਾ ਕੀਤਾ ਜਾ ਰਿਹਾ ਹੈ ਜਦੋਂ ਬੀਐਸਐਫ ਨੇ ਡਰੋਨ ਉੱਤੇ ਫਾਇਰਿੰਗ ਕੀਤੀ ਤਾਂ ਡਰੋਨ ਪਾਕਿਸਤਾਨ ਵੱਲ ਵਾਪਸ ਚੱਲੇ ਗਿਆ। ਦੱਸ ਦੇਈਏ ਕਿ 27 ਅਕਤੂਬਰ ਨੂੰ ਫਿਰੋਜ਼ਪੁਰ ਵਿੱਚ ਡਰੋਨ ਰਾਹੀਂ ਬੈਗ ਸੁੱਟਿਆ ਗਿਆ ਸੀ, ਜਿਸ ਵਿੱਚ 3 ਏ.ਕੇ.-47, 3 ਪਿਸਤੌਲ ਅਤੇ ਗੋਲੀਆਂ ਬਰਾਮਦ ਹੋਈਆਂ ਹਨ। ਬੀ.ਐਸ.ਐਫ ਨੇ ਬੀ.ਓ.ਪੀ ਛੰਨਾ ਵਿਖੇ 17 ਅਕਤੂਬਰ ਨੂੰ 2.5 ਕਿਲੋ ਹੈਰੋਇਨ ਲੈ ਕੇ ਜਾ ਰਹੇ ਪਾਕਿ ਡਰੋਨ ਨੂੰ ਡੇਗ ਦਿੱਤਾ ਸੀ। 16 ਅਕਤੂਬਰ ਨੂੰ ਵੀ ਬੀ.ਐੱਸ.ਐੱਫ. ਦੇ ਜਵਾਨ ਅੰਮ੍ਰਿਤਸਰ ਸਰਹੱਦ 'ਤੇ ਇਕ ਡਰੋਨ ਨੂੰ ਡੇਗਣ 'ਚ ਸਫਲ ਰਹੇ ਸਨ। ਇਸ ਦੇ ਨਾਲ ਹੀ 2 ਕਿਲੋ ਹੈਰੋਇਨ ਬਰਾਮਦ ਹੋਈ। ਇਸ ਤੋਂ ਤਿੰਨ ਦਿਨ ਪਹਿਲਾਂ ਬੀਐਸਐਫ ਨੇ ਅੰਮ੍ਰਿਤਸਰ ਅਧੀਨ ਪੈਂਦੇ ਰਮਦਾਸ ਇਲਾਕੇ ਵਿੱਚ ਇੱਕ ਡਰੋਨ ਨੂੰ ਡੇਗ ਦਿੱਤਾ ਸੀ।