ਕੈਨੇਡਾ : ਵੈਨਕੂਵਰ ਵਿਚਾਰ ਮੰਚ ਵੱਲੋਂ ਪ੍ਰਸਿੱਧ ਵਿਦਵਾਨ ਅਤੇ ਅਧਿਆਤਮਿਕ ਸਾਹਿਤ ਦੇ ਰਚੇਤਾ ਡਾ. ਦਵਿੰਦਰ ਸਿੰਘ ਸੇਖੋਂ ਨਾਲ ਸੰਵਾਦ ਰਚਾਉਣ ਲਈ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਸਰੀ ਵਿਖੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦਾ ਆਗਾਜ਼ ਮੋਹਨ ਗਿੱਲ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਜਰਨੈਲ ਸਿੰਘ ਆਰਟਿਸਟ ਨੇ ਵੈਨਕੂਵਰ ਵਿਚਾਰ ਦੇ ਉਦੇਸ਼ ਸਾਰੇ ਸੰਖੇਪ ਵਿਚ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਇਕ ਅਜਿਹਾ ਪਲੇਟਫਾਰਮ ਹੈ ਜਿੱਥੇ ਹਰ ਖੇਤਰ ਦੇ ਕਲਾਕਾਰਾਂ, ਸਾਹਿਤਕਾਰਾਂ, ਪੱਤਰਕਾਰਾਂ, ਵਿਦਵਾਨਾਂ ਨਾਲ ਬੈਠ ਕੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ। ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਅਤੇ ਪਰਮਜੀਤ ਸਿੰਘ ਸੇਖੋਂ ਨੇ ਡਾ. ਦਵਿੰਦਰ ਸਿੰਘ ਸੇਖੋਂ ਦੀ ਜਾਣ ਪਛਾਣ ਕਰਵਾਉਂਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਅੰਗਰੇਜ਼ੀ ਵਿਚ ਕੀਤਾ ਗਿਆ ਅਨੁਵਾਦ ਬਹੁਤ ਮਹਾਨ ਅਤੇ ਸ਼ਲਾਘਾਯੋਗ ਕਾਰਜ ਹੈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਉਨ੍ਹਾਂ ਦੀ ਪੁਸਤਕ ‘ਗੁਰੂ ਗ੍ਰੰਥ ਸਾਹਿਬ ਦਾ ਇਲਾਹੀ ਸੰਦੇਸ਼’ ਵੀ ਸਿੱਖ ਜਗਤ ਲਈ ਵੱਡਮੁੱਲੀ ਰਚਨਾ ਹੈ। ਡਾ. ਦਵਿੰਦਰ ਸਿੰਘ ਸੇਖੋਂ ਨੇ ਇਸ ਮੌਕੇ ਦੱਸਿਆ ਕਿ ਉਹ ਬਚਪਨ ਤੋਂ ਹੀ ਸ੍ਰੀ ਗੁਰੂ ਗਰੰਥ ਸਾਹਿਬ ਨਾਲ ਜੁੜ ਗਏ ਸਨ ਅਤੇ ਛੋਟੀ ਉਮਰ ਵਿਚ ਪਾਠ ਕਰਨ ਲੱਗ ਪਏ ਸਨ। ਇਹਦੇ ਪਿੱਛੇ ਉਨ੍ਹਾਂ ਦੇ ਨਾਨਾ ਜੀ ਦੀ ਧਾਰਮਿਕ ਸ਼ਖ਼ਸੀਅਤ ਦਾ ਅਸਿੱਧੇ ਤੌਰ ਤੇ ਪ੍ਰਭਾਵ ਸੀ। ਕਾਲਜ ਵਿਚ ਪੜ੍ਹਦਿਆਂ ਉਨ੍ਹਾਂ ਦਾ ਰੁਝਾਨ ਕਹਾਣੀ ਲਿਖਣ ਵੱਲ ਹੋ ਗਿਆ ਸੀ ਅਤੇ ਅਖਬਾਰਾਂ, ਰਸਾਲਿਆਂ ਵਿਚ ਉਨ੍ਹਾਂ ਦੀਆਂ ਕਹਾਣੀਆਂ ਛਪਦੀਆਂ ਰਹੀਆਂ। ਜਦੋਂ 1984 ਵਿਚ ਸ੍ਰੀ ਹਰਮੰਦਰ ਸਾਹਿਬ ਉੱਪਰ ਹਮਲਾ ਹੋਇਆ ਤਾਂ ਉਨ੍ਹਾਂ ਦਾ ਰੁਝਾਨ ਧਾਰਮਿਕ ਖੇਤਰ ਵੱਲ ਜ਼ਿਆਦਾ ਹੋ ਗਿਆ। 1992-93 ਵਿਚ ਉਨ੍ਹਾਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਸਟੱਡੀ ਸ਼ੁਰੂ ਕਰ ਦਿੱਤੀ। 2009 ਵਿਚ ਰਿਟਾਇਰ ਹੋ ਕੇ ਉਹ ਕੈਨੇਡਾ ਆ ਗਏ। ਇਥੇ ਅਲਬਰਟਾ, ਬੀਸੀ ਵਿਚ ਕੁਝ ਦੇਰ ਰਹਿਣ ਉਪਰੰਤ ਓਨਟਾਰੀਓ ਚਲੇ ਗਏ। ਡਾ. ਸਾਹਿਬ ਸਿੰਘ ਰਾਹੀਂ ਗੁਰਬਾਣੀ ਦੀ ਸਮਝ ਲੱਗੀ ਤਾਂ ਉਨ੍ਹਾਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਗਹਿਰਾ ਅਧਿਐਨ ਸ਼ੁਰੂ ਕਰ ਦਿੱਤਾ। ਫਿਰ ਬਹੁਤ ਸਾਰੇ ਦੋਸਤਾਂ ਅਤੇ ਸ਼ਰਧਾਲੂਆਂ ਵੱਲੋਂ ਜ਼ੋਰ ਪਾਉਣ ‘ਤੇ ਉਨ੍ਹਾਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅੰਗਰੇਜ਼ੀ ਅਨੁਵਾਦ ਕਰਨ ਦਾ ਕਾਰਜ ਸ਼ੁਰੂ ਕੀਤਾ ਅਤੇ ਪੰਜ ਸਾਲਾਂ ਵਿਚ ਇਹ ਕਾਰਜ ਮੁਕੰਮਲ ਹੋਇਆ ਹੈ। ਇਸ ਨੂੰ ਦੋ ਭਾਗਾਂ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ ਉਨ੍ਹਾਂ ਦੀਆਂ ਪੁਸਤਕਾਂ- ਧਰਮ ਹੇਤ ਸਾਕਾ ਜਿਨ ਕੀਆ, Brief Life History of Guru Nanak Sahib, Divine message of Guru Granth Sahib, ਪੁਨਰ ਜਨਮ ਅਤੇ ਸਵਰਗ ਨਰਕ, ਗਲੀਏ ਚਿੱਕੜ ਦੂਰ ਘਰ, ਗਰੀਬੀ ਗਦਾ ਹਮਾਰੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਦੋ ਪੁਸਤਕਾਂ ਗੁਰੂ ਨਾਨਕ ਸਾਹਿਬ ਦੀ ਮੱਕਾ ਫੇਰੀ ਅਤੇ ਪੰਜਾਬੀ ਅਤੇ ਪੰਜਾਬੀਅਤ ਪ੍ਰਕਾਸ਼ਨ ਅਧੀਨ ਹਨ।
ਇਸ ਮੌਕੇ ਉਨ੍ਹਾਂ ਦੀ ਦੋ ਭਾਗਾਂ ਵਿਚ ਛਪੀ ਅੰਗਰੇਜ਼ੀ ਪੁਸਤਕ Reflections of Sri Guru Granth Sahib ਵੀ ਰਿਲੀਜ਼ ਕੀਤੀ ਗਈ। ਇਸ ਪ੍ਰੋਗਰਾਮ ਵਿਚ ਹੋਰਨਾਂ ਤੋਂ ਇਲਾਵਾ ਅੰਗਰੇਜ਼ ਸਿੰਘ ਬਰਾੜ, ਦਲੀਪ ਸਿੰਘ ਮਾਂਗਟ, ਬਾਵਾ ਸਿੰਘ ਕਹਿਲ, ਐਫ.ਸੀ. ਸ਼ਰਮਾ, ਬਲਵੰਤ ਸਿੰਘ ਉੱਪਲ, ਹਰਦਮ ਸਿੰਘ ਮਾਨ ਮੌਜੂਦ ਸਨ। ਅੰਤ ਵਿਚ ਪਰਮਜੀਤ ਸਿੰਘ ਸੇਖੋਂ ਨੇ ਸਭਨਾਂ ਦਾ ਧੰਨਵਾਦ ਕੀਤਾ।