ਨਵੇਂ ਸਾਲ ਦਾ ਜਸ਼ਨ ਮਨਾ ਰਹੇ ਲੋਕਾਂ ਨੂੰ ਟਰੱਕ ਨਾਲ ਦਰੜਿਆ, 10 ਦੀ ਮੌਤ 

ਲੁਈਸਿਆਨਾ, 1 ਜਨਵਰੀ 2025 : ਅਮਰੀਕਾ ਦੇ ਲੁਈਸਿਆਨਾ ਸੂਬੇ ਦੇ ਨਿਊ ਓਰਲੀਨਜ਼ ਸ਼ਹਿਰ 'ਚ 1 ਜਨਵਰੀ ਨੂੰ ਇਕ ਵਿਅਕਤੀ ਨੇ ਜਸ਼ਨ ਮਨਾ ਰਹੇ ਲੋਕਾਂ 'ਤੇ ਪਿਕਅੱਪ ਟਰੱਕ ਚੜ੍ਹਾ ਦਿੱਤਾ। ਇਸ 'ਚ ਘੱਟੋ-ਘੱਟ 10 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਦੇ ਨਾਲ ਹੀ 30 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਹ ਘਟਨਾ ਬੋਰਬਨ ਸਟਰੀਟ 'ਤੇ ਵਾਪਰੀ। ਸੀਐਨਐਨ ਮੁਤਾਬਕ ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਇੱਕ ਤੇਜ਼ ਰਫ਼ਤਾਰ ਵਾਹਨ ਆਇਆ ਅਤੇ ਭੀੜ ਵਿੱਚ ਚਲਾ ਗਿਆ। ਇਸ ਤੋਂ ਬਾਅਦ ਇਕ ਵਿਅਕਤੀ ਇਸ ਤੋਂ ਹੇਠਾਂ ਉਤਰ ਗਿਆ। ਉਸ ਨੇ ਲੋਕਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦੇ ਜਵਾਬ 'ਚ ਪੁਲਸ ਫੋਰਸ ਨੂੰ ਵੀ ਗੋਲੀ ਚਲਾਉਣੀ ਪਈ। ਹਮਲਾਵਰ ਫੜਿਆ ਗਿਆ ਹੈ ਜਾਂ ਨਹੀਂ, ਇਸ ਬਾਰੇ ਅਜੇ ਜਾਣਕਾਰੀ ਉਪਲਬਧ ਨਹੀਂ ਹੈ। ਏਬੀਸੀ ਨਿਊਜ਼ ਨੇ ਪੁਲਿਸ ਦੇ ਬੁਲਾਰੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਹਮਲਾ ਜਾਣਬੁੱਝ ਕੇ ਕੀਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਨਵੇਂ ਸਾਲ ਦੇ ਜਸ਼ਨਾਂ ਦਾ ਮਾਹੌਲ ਸੋਗ ਵਿੱਚ ਬਦਲ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਜ਼ਖਮੀ ਲੋਕਾਂ ਨੂੰ ਸ਼ਹਿਰ ਦੇ 5 ਹਸਪਤਾਲਾਂ 'ਚ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ 25 ਦਸੰਬਰ ਨੂੰ ਜਰਮਨੀ ਵਿੱਚ ਵੀ ਅਜਿਹਾ ਹੀ ਹਾਦਸਾ ਵਾਪਰਿਆ ਸੀ। ਸਾਊਦੀ ਦੇ ਇੱਕ ਡਾਕਟਰ ਨੇ ਮੈਗਡੇਬਰਗ ਸ਼ਹਿਰ ਦੇ ਬਾਜ਼ਾਰ ਵਿੱਚ ਲੋਕਾਂ ਉੱਤੇ ਕਾਰ ਭਜਾ ਦਿੱਤੀ। ਇਸ ਘਟਨਾ 'ਚ 5 ਦੀ ਮੌਤ ਹੋ ਗਈ ਅਤੇ 200 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ।