ਪਰਥ, 5 ਜਨਵਰੀ (ਆਰ ਜੀ ਰਾਏਕੋਟੀ) : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ 'ਸਿੱਖ ਗੁਰਦੁਆਰਾ' ਪਰਥ ਆਸਟਰੇਲੀਆ ਵਿਖੇ ਪੰਜਾਬ ਦੇ ਨੌਜਵਾਨਾਂ ਵੱਲੋਂ ਸਮੂਹ ਸੰਗਤਾਂ ਲਈ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ ਗਈ, ਕਿਉਂ ਕਿ ਇਸ ਸਮੇਂ ਪਰਥ ਵਿਖੇ ਕਾਫੀ ਗਰਮੀ ਪੈ ਰਹੀ ਹੈ। ਅੱਜ ਮਿਤੀ 5 ਜਨਵਰੀ ਨੂੰ ਪਰਥ ਦੇ ਬੈਨਟ ਸਪਰਿੰਗ ਦੇ 'ਸਿੱਖ ਗੁਰਦੁਆਰਾ' ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਸੰਗਤਾਂ ਦਾ ਭਾਰੀ ਇਕੱਠ ਸੀ। ਇਸ ਮੌਕੇ ਰਾਗੀਆਂ ਵੱਲੋਂ ਕੀਰਤਨ ਦੇ ਨਾਲ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਸਾਖੀਆਂ ਤੇ ਕਵਿਤਾਵਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਗੁਰਿੰਦਰ ਮੰਡੇਰ, ਰੁਪਿੰਦਰ ਖੇੜੀ, ਹਰਮਨ ਭੁੱਲਰ, ਗੁਰਪ੍ਰੀਤ ਸਿੱਧੂ, ਆਰ. ਜੀ. ਰਾਏਕੋਟੀ, ਜਸਦੀਪ ਸਿੰਘ, ਜਗਦੀਪ ਸਿੰਘ ਤੇ ਅਮਨਦੀਪ ਸਿੰਘ ਵਲੋਂ ਤਨਦੇਹੀ ਨਾਲ ਸੇਵਾ ਕੀਤੀ ਗਈ