ਕਾਠਮੰਡੂ, 1 ਅਕਤੂਬਰ 2024 : ਨੇਪਾਲ ’ਚ ਸ਼ੁੱਕਰਵਾਰ ਤੋਂ ਪੈ ਰਹੇ ਮੀਂਹ ਕਾਰਨ ਆਏ ਹੜ੍ਹ ਤੇ ਜ਼ਮੀਨ ਖਿਸਕਣ ਨਾਲ ਦੇਸ਼ ਭਰ ਦੀਆਂ ਸੜਕਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਰਾਜਧਾਨੀ ਕਾਠਮੰਡੂ ਵੱਲ ਜਾਣ ਵਾਲੇ ਸਾਰੇ ਪ੍ਰਮੁੱਖ ਰਸਤੇ ਬੰਦ ਹਨ। ਹਜ਼ਾਰਾਂ ਯਾਤਰੀ ਵੱਖ ਵੱਖ ਥਾਵਾਂ ’ਤੇ ਫਸੇ ਹੋਏ ਹਨ। ਕਾਰਜਕਾਰੀ ਪ੍ਰਧਾਨ ਮੰਤਰੀ ਪ੍ਰਕਾਸ਼ ਮਾਨ ਸਿੰਘ ਦੀ ਅਗਵਾਈ ’ਚ ਐਤਵਾਰ ਨੂੰ ਹੋਈ ਸਰਬ ਪਾਰਟੀ ਬੈਠਕ ’ਚ ਬਚਾਅ ਰਾਹਤ ਤੇਜ਼ ਕਰਨ ਦਾ ਫ਼ੈਸਲਾ ਕੀਤਾ ਗਿਆ। ਹੜ੍ਹ-ਜ਼ਮੀਨ ਖਿਸਕਣ ਨਾਲ ਦੇਸ਼ ’ਚ 204 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 33 ਹੋਰ ਲਾਪਤਾ ਹਨ। ਸੁਰੱਖਿਆ ਏਜੰਸੀਆਂ ਨੂੰ ਤਲਾਸ਼ੀ, ਬਚਾਅ ਤੇ ਰਾਹਤ ਲਈ ਤਾਇਨਾਤ ਕੀਤਾ ਗਿਆ ਹੈ। ਨੇਪਾਲ ’ਚ ਭਾਰਤੀ ਦੂਤਘਰ ਨੇ ਕਿਹਾ ਕਿ ਅਧਿਕਾਰੀ ਫਸੇ ਹੋਏ ਭਾਰਤੀ ਨਾਗਰਿਕਾਂ ਨਾਲ ਸੰਪਰਕ ਕਰ ਰਹੇ ਹਨ। ਦੂਤਘਰ ਨੇ ਐਮਰਜੈਂਸੀ ਹੈਲਪਲਾਈਨ ਨੰਬਰ ਸਥਾਪਤ ਕੀਤਾ ਹੈ ਤੇ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਦੀ ਵਿਵਸਥਾ ਕੀਤੀ ਹੈ। ਹੜ੍ਹ ’ਚ ਫਸ ਗਏ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਦੂਤਘਰ ਨੇ ਨੇਪਾਲੀ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਹੈ। ਭਾਰਤ ਤੇ ਨੇਪਾਲ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਸਬਜ਼ੀਆਂ ਦੀ ਢੋਹਾ ਢੁਆਈ ਰੁਕ ਜਾਣ ਨਾਲ ਬਾਜ਼ਾਰ ’ਚ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਬਾਗਮਤੀ ਸਮੇਤ ਦੇਸ਼ ਦੀਆਂ ਸਾਰੀਆਂ ਪ੍ਰਮੁੱਖ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਸਾਂਝੇ ਤੌਰ ’ਤੇ 1100 ਮੈਗਾਵਾਟ ਸਮਰੱਥਾ ਵਾਲੇ 20 ਪਣਬਿਜਲੀ ਪਲਾਂਟ ਹੜ੍ਹ-ਜ਼ਮੀਨ ਖਿਸਕਣ ਨਾਲ ਨੁਕਸਾਨੇ ਗਏ ਹਨ।