ਫਗਵਾੜਾ, 14 ਜਨਵਰੀ : ਜਲੰਧਰ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਪਾਰਲੀਮੈਂਟ ਮੈਂਬਰ ਚੌਧਰੀ ਸੰਤੋਖ ਸਿੰਘ ਦਾ ਦੇਹਾਂਤ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਉਹ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਿਲ ਹੋਏ ਸਨ, ਕਿ ਉਨ੍ਹਾਂ ਦੀ ਸਿਹਤ ਅਚਾਨਕ ਖਰਾਬ ਹੋ ਗਈ, ਜਿਸ ਕਾਰਨ ਉਨ੍ਹਾਂ ਨੂੰ ਇਲਾਜ ਲਈ ਫਗਵਾੜਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਿਸ ਤੋਂ ਕੁੱਝ ਦੇਰ ਬਾਅਦ ਡਾਕਟਰਾਂ ਨੇ ਚੌਧਰੀ ਸੰਤੋਖ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਐਮ.ਪੀ. ਚੌਧਰੀ ਸੰਤੋਖ ਸਿੰਘ ਦੀ ਮੌਤ ਦਾ ਪਤਾ ਲੱਗਣ ’ਤੇ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਨੂੰ ਰੋਕ ਦਿੱਤਾ ਗਿਆ। ਚੌਧਰੀ ਸੰਤੋਖ ਸਿੰਘ ਦੀ ਮੌਤ ’ਤੇ ਆਲ ਇੰਡੀਆ ਕਾਂਗਰਸ ਪਾਰਟੀ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ, ਐਮ.ਪੀ. ਰਾਹੁਲ ਗਾਂਧੀ, ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਪਾਰਲੀਮੈਂਟ ਮੈਂਬਰ ਡਾ. ਅਮਰ ਸਿੰਘ, ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਐਮ.ਪੀ. ਰਵਨੀਤ ਬਿੱਟੂ, ਵਿਧਾਇਕ ਪ੍ਰਗਟ ਸਿੰਘ ਆਦਿ ਤੋਂ ਹੋਰਨਾਂ ਰਾਜਨੀਤਿਕ ਆਗੂਆਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
- ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਉਨ੍ਹਾਂ ਦੇ ਯਤਨਾਂ ਲਈ ਯਾਦ ਕੀਤਾ ਜਾਵੇਗਾ। ਮੋਦੀ ਨੇ ਇੱਕ ਟਵੀਟ ਵਿੱਚ ਕਿਹਾ, "ਐਮਪੀ ਸੰਤੋਖ ਸਿੰਘ ਚੌਧਰੀ ਜੀ ਦੇ ਦਿਹਾਂਤ ਤੋਂ ਦੁਖੀ ਹਾਂ।
- ਦਲਿਤ ਆਗੂ ਸਨ ਚੌਧਰੀ ਸੰਤੋਖ ਸਿੰਘ
ਚੌਧਰੀ ਸੰਤੋਖ ਸਿੰਘ, ਇੱਕ ਦਲਿਤ ਆਗੂ, ਸਿਆਸਤਦਾਨਾਂ ਦੇ ਪਰਿਵਾਰ ਨਾਲ ਸਬੰਧਤ ਸੀ। ਉਸਦੇ ਪਿਤਾ ਮਾਸਟਰ ਗੁਰਬੰਤਾ ਸਿੰਘ ਇੱਕ ਦਲਿਤ ਆਗੂ, ਸਿੱਖਿਆ ਸ਼ਾਸਤਰੀ ਅਤੇ ਪੰਜਾਬ ਦੇ ਸਾਬਕਾ ਖੇਤੀਬਾੜੀ ਮੰਤਰੀ ਸਨ। ਚੌਧਰੀ ਦੇ ਵੱਡੇ ਭਰਾ ਚੌਧਰੀ ਜਗਜੀਤ ਸਿੰਘ ਲੋਕਲ ਬਾਡੀਜ਼ ਮੰਤਰੀ ਸਨ। ਚੌਧਰੀ ਦਾ ਪੁੱਤਰ ਵਿਕਰਮਜੀਤ ਸਿੰਘ ਫਿਲੌਰ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਵਿਧਾਇਕ ਹੈ। ਕਾਂਗਰਸੀ ਸੰਸਦ ਮੈਂਬਰ ਦਾ ਜੱਦੀ ਪਿੰਡ ਜਲੰਧਰ ਜ਼ਿਲ੍ਹੇ ਦੇ ਕਰਤਾਰਪੁਰ ਨੇੜੇ ਧਾਲੀਵਾਲ ਹੈ।