ਕਪੂਰਥਲਾ : ਪਿਛਲੇ ਲੰਮੇਂ ਸਮੇਂ ਤੋਂ ਸਿੱਖਾਂ ਦੀ ਤਰਜ਼ਮਾਨੀ ਕਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਇਜਲਾਸ 9 ਨਵੰਬਰ 2022 ਨੂੰ ਸੱਦਿਆ ਗਿਆ ਹੈ। ਜਿਸ ਵਿੱਚ ਪ੍ਰਧਾਨ ਦੀ ਚੋਣ ਵੀ ਕੀਤੀ ਜਾਣੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਨੂੰ ਲੈਕੇ ਸ੍ਰੋਮਣੀ ਅਕਾਲੀ ਦਲ ਵਿੱਚ ਇੱਕ ਵਾਰ ਫਿਰ ਬਾਗੀ ਸੁਰ ਉੱਠਣੇ ਸ਼ੁਰੂ ਹੋ ਗਏ ਹਨ। ਹਾਸਲ ਜਾਣਕਾਰੀ ਮੁਤਾਬਕ ਬੀਬੀ ਜਗੀਰ ਕੌਰ ਨੇ ਐੱਸਜੀਪੀਸੀ ਚੋਣ ਲੜਨ ਲਈ ਦਸਤਖਤ ਕੀਤੇ ਹਨ। ਉਨ੍ਹਾਂ ਕਿਹਾ ਕਿ ਚੋਣ ਲੜਨਾ ਹਰ ਉਮੀਦਵਾਰ ਦਾ ਹੱਕ ਹੈ ਅਤੇ ਹਰ ਉਮੀਦਵਾਰ ਆਪਣਾ ਦਾਅਵਾ ਪੇਸ਼ ਕਰਦਾ ਹੈ। ਨਾਲ ਹੀ ਦੱਸ ਦਈਏ ਕਿ ਉਨ੍ਹਾਂ ਨੂੰ ਉਮੀਦਵਾਰ ਨਾ ਬਣਾਏ ਜਾਣ ਦੇ ਵੀ ਸੰਕੇਤ ਦਿੱਤੇ ਹਨ। ਹਾਲਾਂਕਿ ਉਨ੍ਹਾਂ ਇਸ ਸਬੰਧੀ ਕੋਈ ਸਪੱਸ਼ਟ ਪ੍ਰਕਿਰਿਆ ਨਹੀਂ ਦੱਸੀ ਪਰ ਉਨ੍ਹਾਂ ਕਿਹਾ ਹੈ ਕਿ ਚੋਣ ਲੜਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਾਬਕਾ ਮੰਤਰੀ ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਅਹੁਦੇ ਦੀ ਚੋਣ ਲੜਨ ਲਈ ਪੂਰੀ ਤਰ੍ਹਾਂ ਦ੍ਰਿਡ਼੍ਹ ਹਨ। ਇਸ ਬਾਰੇ ਉਨ੍ਹਾਂ ਕਿਹਾ ਕਿ ‘ਜੇ ਪਾਰਟੀ ਉਨ੍ਹਾਂ ਨੂੰ ਇਸ ਅਹੁਦੇ ’ਤੇ ਨਹੀਂ ਵੀ ਥਾਪਦੀ, ਤਾਂ ਵੀ ਉਨ੍ਹਾਂ ਨੇ ਵੱਖਰੇ ਤੌਰ ’ਤੇ ਚੋਣ ਲਡ਼ਨ ਦਾ ਫ਼ੈਸਲਾ ਕੀਤਾ ਹੈ’। ਗੌਰਤਲਬ ਹੈ ਕਿ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਮਨਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਪਹਿਲਾ ਵੀ ਕੋਸ਼ਿਸ਼ ਕਰ ਚੁੱਕੇ ਹਨ। ਸੂਤਰਾਂ ਅਨੁਸਾਰ ਅੱਜ ਮਿਤੀ 30 ਅਕਤੂਬਰ 2022 ਨੂੰ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਸਾਬਕਾ ਮੰਤਰੀ ਰੱਖੜਾ ਇੱਕ ਵਾਰ ਬੀਬੀ ਜਗੀਰ ਕੌਰ ਨੂੰ ਮਨਾਉਣ ਲਈ ਉਹਨਾਂ ਦੇ ਘਰ ਆ ਰਹੇ ਹਨ। ਦੇਖਣਾ ਇਹ ਹੋਵੇਗਾ ਕਿ ਡਾਕਟਰ ਦਲਜੀਤ ਸਿੰਘ ਚੀਮਾ ਦੀ ਕੋਸ਼ਿਸ਼ ਨੂੰ ਕਿੰਨਾ ਕਿ ਬੂਰ ਪੈਂਦਾ ਹੈ। ਬੀਬੀ ਜਗੀਰ ਕੌਰ ਨੇ ਕਈ ਵਾਰ ਪਿਛਲੇ ਦਿਨੀਂ ਮੀਡੀਆ ਨੂੰ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਚਾਰ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਈਆਂ ਹਨ ਅਤੇ ਉਨ੍ਹਾਂ ਦੀਆਂ ਸੇਵਾਵਾਂ ਬੇਦਾਗ਼ ਹਨ। ਉਹ ਗੁਰੂ ਘਰ ਦੀ ਸੇਵਾ ਕਰਨੀ ਚਾਹੁੰਦੇ ਹਨ, ਜੋ ਉਨ੍ਹਾਂ ਦਾ ਹੱਕ ਹੈ, ਉਹ ਪ੍ਰਧਾਨ ਦੇ ਅਹੁਦੇ ਲਈ ਜਨਰਲ ਹਾਊਸ ਵਿਚ ਆਪਣਾ ਨਾਂ ਪੇਸ਼ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਵਫ਼ਾਦਾਰ ਸਿਪਾਹੀ ਵਜੋਂ ਕੰਮ ਕਰਦੇ ਆ ਰਹੇ ਹਨ ਅਤੇ ਪਾਰਟੀ ਇਹ ਦੱਸੇ ਕਿ ਉਹ ਪ੍ਰਧਾਨ ਦੇ ਯੋਗ ਕਿਉਂ ਨਹੀਂ। ਸ਼੍ਰੋਮਣੀ ਅਕਾਲੀ ਦਲ ਵਿੱਚ ਇਹ ਪਹਿਲਾ ਮੌਕਾ ਨਹੀਂ ਜਦੋਂ ਧੜੇਬੰਦੀ ਦਾ ਸਹਾਮਣਾ ਕਰਨ ਪਿਆ ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਧੜੇਬੰਦੀ ਅਤੇ ਵੰਡਾਂ ਦੀ ਕਹਾਣੀ ਹੈ। ਅਕਾਲੀ ਦਲ ਵਿੱਚ ਧੜੇਬੰਦੀ ਦੀ ਮਹਿਕ 1980 ਦੇ ਦਹਾਕੇ ਤੋਂ ਹੀ ਆਉਣਾ ਸ਼ੁਰੂ ਹੋ ਗਈ ਸੀ ਅਤੇ 1985 ਵਿਚ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਮੌਤ ਮਗਰੋਂ ਇਹ ਧੜੇਬੰਦੀ ਜੱਗ ਜ਼ਾਹਰ ਹੋ ਗਈ ਜਿਸਨੇ ਅਕਾਲੀ ਦਲ (ਲੌਂਗੋਵਾਲ) ਦੇ ਰੂਪ ਵਿੱਚ ਆਪਣੇ ਆਪ ਨੂੰ ਸਥਾਪਿਤ ਕੀਤਾ। ਇਸ ਤੋਂ ਬਾਅਦ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਅਗਵਾਈ ਵਿਚ ਇਕ ਗੁੱਟ 1984 ਦੇ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਹੀ ਅਕਾਲੀ ਦਲ ਵਿਚੋਂ ਨਿਕਲ ਗਿਆ, ਜਿਸ ਨੂੰ ਬਾਅਦ ਵਿਚ ਅਕਾਲੀ ਦਲ (ਤਲਵੰਡੀ) ਦੇ ਨਾਂਅ ਨਾਲ ਜਾਣਿਆ ਜਾਂਦਾ ਰਿਹਾ। 1985 ਦੀਆਂ ਵਿਧਾਨ ਸਭਾ ਚੋਣਾਂ ਵਿੱਚ 117 ਸੀਟਾਂ ਵਿਚੋਂ 73 ਸੀਟਾਂ ਜਿੱਤੀਆਂ ਅਤੇ ਪਾਰਟੀ ਦੇ ਨਵੇਂ ਲੀਡਰ ਸੁਰਜੀਤ ਸਿੰਘ ਬਰਨਾਲਾ ਪੰਜਾਬ ਦੇ ਮੁੱਖ ਮੰਤਰੀ ਬਣੇ। 1987 ਵਿਚ ਸਿਮਰਨਜੀਤ ਸਿੰਘ ਮਾਨ ਨੇ ਅਕਾਲੀ ਦਲ (ਮਾਨ) ਬਣਾਇਆ ਜਿਸਨੂੰ ਹੁਣ ਅਕਾਲੀ ਦਲ (ਅੰਮ੍ਰਿਤਸਰ) ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।1990 ਵਿਚ ਜਸਬੀਰ ਸਿੰਘ ਰੋਡੇ ਨੇ ਅਕਾਲੀ ਦਲ (ਪੰਥਕ) ਬਣਾਇਆ ਪਰ 1992 ਵਿੱਚ ਅਕਾਲੀ ਦਲ (ਪੰਥਕ) ਪਾਰਟੀ ਸ਼੍ਰੋਮਣੀ ਅਕਾਲੀ ਦਲ (ਮਾਨ) ਵਿਚ ਮਰਜ਼ ਹੋ ਗਈ।