- ਪਬਲਿਕ ਆਊਟਰੀਚ ਪ੍ਰੋਗਰਾਮ ਦਾ ਵਿਸਤਾਰ , ‘ਸਹਿਯੋਗ’ ਪ੍ਰੋਗਰਾਮ ਤਹਿਤ, ਸੀ.ਪੀਜ਼/ਐਸ.ਐਸ.ਪੀਜ਼ ਵੱਲੋਂ ਫੀਡਬੈਕ ਲੈਣ ਲਈ ਪਿੰਡਾਂ ਤੇ ਮੁਹੱਲਿਆਂ ਵਿੱਚ ਕੀਤੀਆਂ ਜਾਣਗੀਆਂ ਜਨਤਕ ਮੀਟਿੰਗਾਂ
- ਡੀਜੀਪੀ ਗੌਰਵ ਯਾਦਵ ਵੱਲੋਂ ਗਰਾਊਂਡ ਜ਼ੀਰੋ ਟੂਰ ਜਾਰੀ, ਜਲੰਧਰ ਵਿਖੇ ਕੀਤੀ ਜਨਤਕ ਮੀਟਿੰਗ ਦੀ ਪ੍ਰਧਾਨਗੀ
- ਡੀਜੀਪੀ ਗੌਰਵ ਯਾਦਵ ਨੇ ਜਲੰਧਰ ਵਿੱਚ ਆਧੁਨਿਕ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈਸੀਸੀਸੀ) ਦਾ ਵੀ ਕੀਤਾ ਦੌਰਾ
- ਨਵੇਂ ਕਾਨੂੰਨਾਂ ਮੁਤਾਬਿਕ, ਪੰਜਾਬ ਪੁਲਿਸ ਵੱਲੋਂ ਈ-ਸ਼ਾਕਸ਼ਿਆ ਮੋਬਾਈਲ ਐਪ ਰਾਹੀਂ ਕੀਤੀਆਂ ਜਾ ਰਹੀਆਂ ਹਨ ਵੀਡੀਓ ਰਿਕਾਰਡਿੰਗਜ਼
- ਪੰਜਾਬ ਪੁਲਿਸ ਦੇ ਪੀਜੀਡੀ ਪੋਰਟਲ ‘ਤੇ ਪ੍ਰਾਪਤ ਹੋਈਆਂ ਕੁੱਲ 4.5 ਲੱਖ ਸ਼ਿਕਾਇਤਾਂ, 4.10 ਲੱਖ ਸ਼ਿਕਾਇਤਾਂ ਦਾ ਕੀਤਾ ਸਫ਼ਲਤਾਪੂਰਵਕ ਨਿਪਟਾਰਾ: ਡੀਜੀਪੀ ਗੌਰਵ ਯਾਦਵ
ਜਲੰਧਰ, 26 ਅਕਤੂਬਰ 2024 : ਪੰਜਾਬ ਪੁਲਿਸ ਦੇ ਪਬਲਿਕ ਆਊਟਰੀਚ ਪ੍ਰੋਗਰਾਮ ‘ਸਹਿਯੋਗ’ ਦਾ ਜ਼ਮੀਨੀ ਪੱਧਰ ‘ਤੇ ਹੋਰ ਵਿਸਤਾਰ ਕਰਨ ਲਈ, ਪੁਲਿਸ ਕਮਿਸ਼ਨਰ (ਸੀ.ਪੀਜ਼) ਅਤੇ ਸੀਨੀਅਰ ਪੁਲਿਸ ਸੁਪਰਡੈਂਟ (ਐਸ.ਐਸ.ਪੀਜ਼) ਵੱਲੋਂ ਪਿੰਡਾਂ ਅਤੇ ਮੁਹੱਲਿਆਂ ਦਾ ਦੌਰਾ ਕਰਕੇ ਜਨਤਕ ਮੀਟਿੰਗਾਂ ਕੀਤੀਆਂ ਜਾਣਗੀਆਂ, ਸਥਾਨਕ ਲੋਕਾਂ ਤੋਂ ਫੀਡਬੈਕ ਲਈ ਜਾਵੇਗੀ। ਇਸ ਪਹਿਲਕਦਮੀ ਦਾ ਉਦੇਸ਼ ਪੁਲਿਸ ਅਤੇ ਆਮ ਜਨਤਾ ਦਰਮਿਆਨ ਪਾੜੇ ਨੂੰ ਪੂਰਨਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਦੂਜੇ ਪੜਾਅ ਵਿੱਚ ਸੀ.ਪੀਜ਼/ਐਸ.ਐਸ.ਪੀਜ਼ ਨੂੰ ਜਨਤਕ ਮੀਟਿੰਗਾਂ ਕਰਨ ਲਈ ਪਿੰਡਾਂ ਅਤੇ ਮੁਹੱਲਿਆਂ ਦਾ ਦੌਰਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਨਾਲ ਅਧਿਕਾਰੀਆਂ ਨੂੰ ਜ਼ਮੀਨੀ ਪੱਧਰ ਦੀਆਂ ਸਥਿਤੀਆਂ ਨੂੰ ਸਮਝਣ ਅਤੇ ਪੁਲਿਸ-ਜਨਤਕ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ। ਇਹ ਪਹਿਲਕਦਮੀ ਭਾਈਚਾਰਕ ਸਾਂਝ ਵਧਾਉਣ ਅਤੇ ਪੁਲਿਸ ਨਾਲ ਲੋਕਾਂ ਦੇ ਤਜ਼ਰਬਿਆਂ ਬਾਰੇ ਉਨ੍ਹਾਂ ਤੋਂ ਫੀਡਬੈਕ ਲੈਣ ਬਾਬਤ ਡੀਜੀਪੀ ਪੰਜਾਬ ਵੱਲੋਂ ਕੀਤੇ ਜਾ ਰਹੇ ਗਰਾਊਂਡ ਜ਼ੀਰੋ ਟੂਰ ਤਹਿਤ ਕੀਤੀ ਗਈ ਹੈ। ਡੀਜੀਪੀ ਅੱਜ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਉਨ੍ਹਾਂ ਦੇ “ਸਹਿਯੋਗ- ਪੁਲਿਸ ਜਨਤਕ ਸਾਂਝ ਪਹਿਲਕਦਮੀ” ਪ੍ਰੋਗਰਾਮ ਦੇ ਹਿੱਸੇ ਵਜੋਂ ਕਰਵਾਈ ਜ਼ਿਲ੍ਹਾ ਪੱਧਰੀ ਪਬਲਿਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਡੀਜੀਪੀ ਗੌਰਵ ਯਾਦਵ ਨੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨਾਲ ਗੈਰ-ਰਸਮੀ ਤੌਰ ‘ਤੇ ਗੱਲਬਾਤ ਦੌਰਾਨ ਸ਼ਹਿਰ ਦੀ ਅਮਨ-ਕਾਨੂੰਨ ਦੀ ਸਥਿਤੀ ਬਾਰੇ ਉਨ੍ਹਾਂ ਤੋਂ ਫੀਡਬੈਕ ਲਈ। ਡੀਜੀਪੀ ਨੇ ਉਨ੍ਹਾਂ ਦੇ ਮਸਲਿਆਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਡੀਜੀਪੀ ਦੇ ਨਾਲ ਪੁਲਿਸ ਕਮਿਸ਼ਨਰ (ਸੀਪੀ) ਜਲੰਧਰ ਸਵਪਨ ਸ਼ਰਮਾ ਵੀ ਮੌਜੂਦ ਸਨ। ਉਨ੍ਹਾਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਵਿੱਚ 10,000 ਨਵੀਆਂ ਅਸਾਮੀਆਂ ਪੈਦਾ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਸ ਤਹਿਤ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਜਲੰਧਰ ਸ਼ਹਿਰ ਦੇ ਪੁਲਿਸ ਬਲ ਵਿੱਚ ਵਾਧਾ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਸੀ.ਪੀ.ਜਲੰਧਰ ਨੂੰ ਸ਼ਹਿਰ ਵਿੱਚ ਟ੍ਰੈਫਿਕ ਦੇ ਸੁਚਾਰੂ ਪ੍ਰਵਾਹ ਲਈ ਹੋਰ ਹੈੱਡਾਂ ਤੋਂ ਪੁਲਿਸ ਬਲ ਕੱਢ ਕੇ ਟ੍ਰੈਫਿਕ ਵਿੰਗ ਵਿੱਚ ਸ਼ਾਮਲ ਕਰਕੇ ਵਿੰਗ ਵਿੱਚ ਪੁਲਿਸ ਬਲ ਦੀ ਗਿਣਤੀ ਦੁੱਗਣੀ ਕਰਨ ਦੀ ਹਦਾਇਤ ਕੀਤੀ। ਸਾਈਬਰ ਧੋਖਾਧੜੀ ਬਾਰੇ ਗੱਲ ਕਰਦਿਆਂ ਡੀਜੀਪੀ ਨੇ ‘1930 ਸਾਈਬਰ ਹੈਲਪਲਾਈਨ’ ਨੰਬਰ ‘ਤੇ ਤੁਰੰਤ ਅਪਰਾਧ ਦੀ ਰਿਪੋਰਟ ਕਰਨ ਲਈ ‘ਗੋਲਡਨ ਆਵਰ’ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਕਿਹਾ, ਜਿਸ ਨਾਲ ਧੋਖੇਬਾਜ਼ ਵੱਲੋਂ ਸਾਈਬਰ ਪੀੜਤਾਂ ਦੇ ਖਾਤਿਆਂ ‘ਚੋਂ ਕੱਢੇ ਗਏ ਫੰਡਾਂ ਨੂੰ ਤੁਰੰਤ ਫ੍ਰੀਜ਼ ਕਰਨ/ਲੀਅਨ ਮਾਰਕ ਕਰਨ ਵਿੱਚ ਮਦਦ ਮਿਲੇਗੀ। ਇਸ ਉਪਰੰਤ ਡੀਜੀਪੀ ਗੌਰਵ ਯਾਦਵ ਨੇ ਅਧੁਨਿਕ ਤਕਨੀਕ ਨਾਲ ਤਿਆਰ ਕੀਤੇ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈਸੀਸੀਸੀ) ਦਾ ਵੀ ਦੌਰਾ ਕੀਤਾ। ਇਹ ਆਪਣੀ ਕਿਸਮ ਦੀ ਪਹਿਲੀ ਪਹਿਲਕਦਮੀ ਹੈ ਜਿਸ ਨਾਲ ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਸ਼ਹਿਰ ਵਿੱਚ ਲਗਾਏ ਗਏ ਘੱਟੋ-ਘੱਟ 6000 ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਕਰਨ ਵਿੱਚ ਮਦਦ ਮਿਲਦੀ ਹੈ। ਤਕਨਾਲੋਜੀ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੂੰ ਆਧੁਨਿਕ ਤਕਨੀਕ ਨਾਲ ਲੈਸ ਕਰਕੇ ਉਹ ਪ੍ਰੀਵੈਂਟਿਵ ਪੁਲਿਸਿੰਗ ਵੱਲ ਧਿਆਨ ਕੇਂਦਰਿਤ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਆਈਸੀਸੀਸੀ, ਜਨਤਕ ਸੁਰੱਖਿਆ ਅਤੇ ਕੁਸ਼ਲਤਾ ਨੂੰ ਵਧਾਉਣ ਲਈ ਟ੍ਰੈਫਿਕ ਅਤੇ ਪੁਲਿਸ ਕੰਟਰੋਲ ਰੂਮ (ਪੀਸੀਆਰ) ਯੂਨਿਟਾਂ ਨੂੰ ਆਪਸ ਜੋੜਦਾ ਹੈ। ਇਸ ਦੇ ਪ੍ਰਭਾਵਸ਼ਾਲੀ ਨਤੀਜੇ ਸਾਹਮਣੇ ਆ ਰਹੇ ਹਨ ਜਿਸ ਨਾਲ ਪੀਸੀਆਰ ਦਾ ਰਿਸਪਾਂਸ ਟਾਇਮ 15 ਮਿੰਟ ਤੋਂ ਘਟ ਕੇ ਸਿਰਫ਼ 5 ਮਿੰਟ ਹੋ ਗਿਆ ਹੈ। ਇਸ ਸੈਂਟਰ ਨੇ ਏਜੰਸੀਆਂ ਵਿਚਕਾਰ ਤਾਲਮੇਲ ਨੂੰ ਬਿਹਤਰ ਬਣਾਉਣ, ਕੁਸ਼ਲਤਾ ਵਧਾਉਣ, ਅੰਕੜਿਆਂ ਅਧਾਰਿਤ ਫੈਸਲੇ ਲੈਣ ਅਤੇ ਨਾਗਰਿਕਾਂ ਲਈ ਸਿੰਗਲ-ਪੁਆਇੰਟ ਰਿਪੋਰਟਿੰਗ ਪ੍ਰਣਾਲੀ ਵਿੱਚ ਵੀ ਮਦਦ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਨਵੇਂ ਕਾਨੂੰਨ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀ.ਐਨ.ਐਸ.ਐਸ.) ਮੁਤਾਬਿਕ ਸੱਤ ਸਾਲ ਜਾਂ ਇਸ ਤੋਂ ਵੱਧ ਦੀ ਸਜ਼ਾ ਵਾਲੇ ਅਪਰਾਧਾਂ ਦੇ ਮਾਮਲੇ ਵਿੱਚ ਅਪਰਾਧਿਕ ਸਥਾਨ ਦੀ ਵੀਡੀਓ ਰਿਕਾਰਡ ਕਰਨਾ ਲਾਜ਼ਮੀ ਹੈ ਅਤੇ ਪੰਜਾਬ ਪੁਲਿਸ ਈ-ਸਾਕਸ਼ਿਆ ਮੋਬਾਈਲ ਐਪ ਦੀ ਵਰਤੋਂ ਨਾਲ ਵੀਡੀਓ ਰਿਕਾਰਡ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ 9171 ਕੇਸਾਂ ਵਿੱਚ ਵੀਡੀਓ ਰਿਕਾਰਡ ਕੀਤੀਆਂ ਗਈਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਕੁੱਲ ਵੀਡੀਓ ਰਿਕਾਰਡਿੰਗਾਂ ਵਿੱਚੋਂ ਲਗਭਗ 70 ਫ਼ੀਸਦ ਰਿਕਾਰਡਿੰਗਾਂ ਈ-ਸਾਕਸ਼ਿਆ ਮੋਬਾਈਲ ਐਪ ਰਾਹੀਂ ਕੀਤੀਆਂ ਗਈਆਂ ਹਨ। ਡੀਜੀਪੀ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਜੁਲਾਈ 2022 ਵਿੱਚ ਸ਼ੁਰੂ ਕੀਤੇ ਗਏ ਪੀਜੀਡੀ ਪੋਰਟਲ- ਆਨਲਾਈਨ ਜਨਤਕ ਸ਼ਿਕਾਇਤ ਨਿਵਾਰਣ ਪ੍ਰਣਾਲੀ- ਨੂੰ ਇਸਦੀ ਸ਼ੁਰੂਆਤ ਤੋਂ ਹੁਣ ਤੱਕ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਪੋਰਟਲ ‘ਤੇ ਘੱਟੋ-ਘੱਟ 4.5 ਲੱਖ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚੋਂ 4.10 ਲੱਖ ਸ਼ਿਕਾਇਤਾਂ ਦਾ ਸਫਲਤਾਪੂਰਵਕ ਨਿਪਟਾਰਾ ਕੀਤਾ ਗਿਆ ਹੈ। ਪੀਜੀਡੀ ਪੋਰਟਲ “www.pgd.punjabpolice.gov.in” ਰਾਹੀਂ ਨਾਗਰਿਕ ਪੁਲਿਸ ਸਟੇਸ਼ਨ ਜਾਏ ਬਿਨਾਂ ਆਪਣੀ ਸ਼ਿਕਾਇਤ ਆਨਲਾਈਨ ਦਰਜ ਕਰਵਾ ਸਕਦੇ ਹਨ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਜ਼ੀਰੋ-ਟੌਲਰੈਂਸ ਨੀਤੀ ਤਹਿਤ ਵਿਭਾਗ ਵਿੱਚ “ਬਲੈਕ ਸ਼ੀਪ” ਵਜੋਂ ਜਾਣੇ ਜਾਂਦੇ ਭ੍ਰਿਸ਼ਟ ਅਧਿਕਾਰੀਆਂ ‘ਤੇ ਨਕੇਲ ਕਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਹੀ ਅਜਿਹਾ ਵਿਭਾਗ ਹੈ ਜਿੱਥੇ ਭ੍ਰਿਸ਼ਟਚਾਰ ਵਿੱਚ ਸ਼ਾਮਲ ਹਰ ਕਿਸੇ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ। ਇਸ ਦੇ ਨਾਲ ਹੀ ਡੀਜੀਪੀ ਨੇ ਪੁਲਿਸ ਲਾਈਨਜ਼, ਜਲੰਧਰ ਵਿਖੇ ਨਵੇਂ ਬਣੇ ਗਜ਼ਟਿਡ ਅਫਸਰਜ਼ ਮੈਸ ਦਾ ਉਦਘਾਟਨ ਵੀ ਕੀਤਾ।