
ਜਲੰਧਰ, 8 ਅਪ੍ਰੈਲ 2025 : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਦੇ ਘਰ ਬੀਤੀ ਸੋਮਵਾਰ-ਮੰਗਲਵਾਰ ਦੀ ਰਾਤ ਨੂੰ ਗ੍ਰਨੇਡ ਹਮਲਾ ਹੋਇਆ ਹੈ। ਘਟਨਾ ਦੇ ਸਮੇਂ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਆਪਣੇ ਘਰ ਅੰਦਰ ਸੌਂ ਰਹੇ ਸਨ। ਉਨ੍ਹਾਂ ਦੇ ਹੋਰ ਪਰਿਵਾਰਕ ਮੈਂਬਰ ਵੀ ਘਰ ਦੇ ਅੰਦਰ ਹੀ ਸਨ। ਘਟਨਾ ‘ਚ ਕੋਈ ਜ਼ਖਮੀ ਨਹੀਂ ਹੋਇਆ। ਪਰ ਸਾਬਕਾ ਮੰਤਰੀ ਦੇ ਘਰ ਦੇ ਵਿਹੜੇ ਵਿੱਚ ਹੋਏ ਧਮਾਕੇ ਨੇ ਕਾਫੀ ਨੁਕਸਾਨ ਕੀਤਾ। ਇਹ ਹਮਲਾ ਜਲੰਧਰ ਦੇ ਸਭ ਤੋਂ ਮਸ਼ਹੂਰ ਖੇਤਰ ਸ਼ਾਸਤਰੀ ਮਾਰਕੀਟ ਚੌਕ ਨੇੜੇ ਰਾਤ 1.03 ਤੋਂ 1.07 ਵਜੇ ਦਰਮਿਆਨ ਹੋਇਆ। ਭਾਜਪਾ ਨੇਤਾ ਦੇ ਘਰ ‘ਤੇ ਹਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਸਾਬਕਾ ਮੰਤਰੀ ਦੇ ਘਰ ਸਮੇਤ ਪੂਰੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਨੋਰੰਜਨ ਕਾਲੀਆ ਦੇ ਘਰ ਪਹੁੰਚੇ ਕੈਬਨਿਟ ਮੰਤਰੀ ਭਗਤ
ਕੈਬਨਿਟ ਮੰਤਰੀ ਮੋਹਿੰਦਰ ਭਗਤ ਤੇ ‘ਆਪ‘ ਆਗੂ ਦੀਪਕ ਬਾਲੀ ਨੇ ਮਨੋਰੰਜਨ ਕਾਲੀਆ ਦੇ ਘਰ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਕੈਬਨਿਟ ਮੰਤਰੀ ਮੋਹਿੰਦਰ ਭਗਤ ਦਾ ਮਨੋਰੰਜਨ ਕਾਲੀਆ ਦੇ ਘਰ ‘ਤੇ ਹਮਲੇ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ। ਮਹਿੰਦਰ ਭਗਤ ਨੇ ਕਿਹਾ ਕਿ ਅਸੀਂ ਹੁਣੇ ਮਨੋਰੰਜਨ ਕਾਲੀਆ ਜੀ ਦੀ ਖ਼ਬਰ ਲੈ ਕੇ ਆਏ ਹਾਂ, ਗੱਲਬਾਤ ਚੰਗੇ ਮਾਹੌਲ ਵਿੱਚ ਹੋਈ, ਪੁਲਿਸ ਆਪਣਾ ਕੰਮ ਕਰ ਰਹੀ ਹੈ। ਮਨੋਰੰਜਨ ਕਾਲੀਆ ਦੇ ਘਰ ‘ਤੇ ਹਮਲੇ ਤੋਂ ਬਾਅਦ, ਕੈਬਨਿਟ ਮੰਤਰੀ ਮੋਹਿੰਦਰ ਭਗਤ ਅਤੇ ਦੀਪਕ ਬਾਲੀ ਸਵੇਰੇ ਉਨ੍ਹਾਂ ਦੇ ਘਰ ਪਹੁੰਚੇ। ਮਨੋਰੰਜਨ ਕਾਲੀਆ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਤ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਲਾਰੈਂਸ ਬਿਸ਼ਨੋਈ ਪਾਕਿਸਤਾਨ ਨਾਲ ਮਿਲ ਕੇ ਪੰਜਾਬ ਵਿੱਚ ਅਜਿਹੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ।