
- ਵਿਦਿਆਰਥੀਆ ਨਾਲ ਰੱਖਣਗੇ ਰੈਗੂਲਰ ਰਾਬਤਾ, ਸਕੂਲ ਦੇ ਸਰਬਪੱਖੀ ਵਿਕਾਸ ਨੂੰ ਦੇਣਗੇ ਹੁਲਾਰਾ
- ਸਕੂਲ ਵਿਚ 61 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਵੱਖ-ਵੱਖ ਕੰਮਾਂ ਦਾ ਕੀਤਾ ਉਦਘਾਟਨ
- ਕਿਹਾ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ’ਚ ਨਵੇਂ ਦਿਸਹੱਦੇ ਕਾਇਮ ਕੀਤੇ
ਹੁਸ਼ਿਆਰਪੁਰ, 9 ਅਪ੍ਰੈਲ 2025 : ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ’ਸਿੱਖਿਆ ਕ੍ਰਾਂਤੀ’ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫਲਾਹੀ ਵਿਖੇ ਲਗਭਗ 61 ਲੱਖ ਰੁਪਏ ਦੀ ਲਾਗਤ ਨਾਲ ਹੋਏ ਕੰਮਾਂ ਦਾ ਉਦਘਾਟਨ ਕਰਨ ਉਪਰੰਤ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਨਿਵੇਕਲੀ ਪਹਿਲਕਦਮੀ ਕਰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫਲਾਹੀ ਨੂੰ ਅਪਨਾਉਣ ਦਾ ਐਲਾਨ ਕੀਤਾ। ਜ਼ਿਲ੍ਹਾ ਸਿੱਖਿਆ ਅਫ਼ਸਰ ਲਲਿਤਾ ਅਰੋੜਾ, ਸਕੂਲ ਪ੍ਰਿੰਸੀਪਲ ਮ੍ਰਿਦੁਲਾ ਸ਼ਰਮਾ, ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਅਤੇ ਇਲਾਕੇ ਦੇ ਮੋਹਤਬਰਾਂ ਸਮੇਤ ਸਕੂਲ ਵਿਖੇ ਬਣੇ ਨਵੇਂ ਕਲਾਸ ਰੂਮਾਂ, ਚਾਰਦੀਵਾਰੀ ਅਤੇ ਬਾਥਰੂਮਾਂ ਦੇ ਉਦਘਾਟਨ ਮੌਕੇ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਅੱਜ ਤੋਂ ਇਹ ਸਕੂਲ ਉਨ੍ਹਾਂ ਨੇ ਅਪਨਾ ਲਿਆ ਹੈ ਜਿਸ ਤਹਿਤ ਉਹ ਰੈਗੂਲਰ ਤੌਰ ’ਤੇ ਵਿਦਿਆਰਥੀਆਂ ਨਾਲ ਰਾਬਤਾ ਰੱਖਣਗੇ ਅਤੇ ਉਨ੍ਹਾਂ ਦੇ ਭਵਿੱਖ ਲਈ ਮਿਥੇ ਟੀਚੇ ਅਨੁਸਾਰ ਲੋੜੀਂਦੀ ਜਾਣਕਾਰੀ ਸਾਂਝੀ ਕਰਿਆ ਕਰਨਗੇ। ਉਨ੍ਹਾਂ ਕਿਹਾ ਕਿ ਪੇਸ਼ੇ ਵਜੋਂ ਡਾਕਟਰ ਹੋਣ ਨਾਤੇ ਉਹ ਵਿਦਿਆਰਥੀਆਂ ਨੂੰ ਇਸ ਪੇਸ਼ੇ ਦੀ ਚੋਣ ਲਈ ਰਾਹ ਦਸੇਰਾ ਬਣਨਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨਾਲ ਲਗਾਤਾਰ ਸੰਪਰਕ ਰੱਖਣ ਦੇ ਨਾਲ-ਨਾਲ ਪ੍ਰਿੰਸੀਪਲ, ਅਧਿਆਪਕਾਂ, ਸਕੂਲ ਦੀ ਦੇਖਰੇਖ ਕਰਦੀ ਕਮੇਟੀ ਅਤੇ ਪਿੰਡ ਦੀ ਪੰਚਾਇਤ ਨਾਲ ਵੀ ਸਕੂਲ ਵਿਚ ਹੋਰ ਸੁਧਾਰਾਂ ਅਤੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਉਹ ਸੁਹਿਰਦ ਉਪਰਾਲੇ ਅਮਲ ਵਿਚ ਲਿਆਉਣਗੇ। ਪੰਜਾਬ ਸਰਕਾਰ ਦੇ ਮੈਂਟਰਸ਼ਿਪ ਪ੍ਰੋਗਰਾਮ ਸਬੰਧੀ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਸੀਨੀਅਰ ਅਫ਼ਸਰਸ਼ਾਹੀ ਤੋਂ ਇਲਾਵਾ ਚੁਣੇ ਹੋਏ ਨੁਮਾਇੰਦਿਆਂ ਨੂੰ ਵੀ ਇਸ ਨੇਕ ਕਾਰਜ ਦਾ ਹਿੱਸਾ ਬਣ ਕੇ ਵਿਦਿਆਰਥੀਆਂ ਨੂੰ ਮੌਜੂਦਾ ਸਮੇਂ ਮੁਕਾਬਲੇਬਾਜ਼ੀ ਦੀ ਪੜ੍ਹਾਈ, ਨੌਕਰੀਆਂ ਬਾਰੇ ਲੋੜੀਂਦੀ ਜਾਣਕਾਰੀ ਅਤੇ ਉਨ੍ਹਾਂ ਦੇ ਭਵਿੱਖ ਲਈ ਮਿੱਥੇ ਟੀਚੇ ਅਨੁਸਾਰ ਉਨ੍ਹਾਂ ਦੀ ਅਗਵਾਈ ਕਰਨ ਤੋਂ ਇਲਾਵਾ ਸਕੂਲਾਂ ਦੇ ਸਰਬਪੱਖੀ ਵਿਕਾਸ ਲਈ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਕਰੀਬ 61 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਵਿਚ ਮਜ਼ਬੂਤ ਕੀਤੇ ਬੁਨਿਆਦੀ ਢਾਂਚੇ ਬਾਰੇ ਗੱਲ ਕਰਦਿਆਂ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਫਲਾਹੀ ਸਕੂਲ ਨੂੰ ਮਾਡਲ ਸਕੂਲਾਂ ਦੀ ਪਹਿਲੀ ਕਤਾਰ ਵਿਚ ਲਿਆਉਣ ਲਈ ਉਹ ਯਤਨਸ਼ੀਲ ਰਹਿਣਗੇ। ਉਨ੍ਹਾਂ ਨੇ ਸਕੂਲ ਪ੍ਰਿੰਸੀਪਲ ਵਲੋਂ ਰੱਖੇ ਕੁਝ ਕੰਮਾਂ ਦੀ ਮੰਗ ਨੂੰ ਮੌਕੇ ’ਤੇ ਹੀ ਪ੍ਰਵਾਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਕੂਲ ਵਿਚ ਕਾਮਰਸ ਦੀਆਂ ਕਲਾਸਾਂ ਨੂੰ ਵੀ ਪ੍ਰਵਾਨਗੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਕੂਲ ਦੇ ਹੋਰ ਵਿਕਾਸ ਅਤੇ ਇੰਟਰਲਾਕਿੰਗ ਫਰਸ਼ ਲਈ ਲੋੜੀਂਦੇ ਫੰਡ ਜਲਦ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ਵਿਚ ਨਵੇਂ ਰਿਕਾਰਡ ਸਥਾਪਿਤ ਕਰਦਿਆਂ ਅਧਿਆਪਕਾਂ ਨੂੰ ਵਿਦੇਸ਼ਾਂ ਵਿਚ ਟਰੇਨਿੰਗ, ਵਿਦਿਆਰਥੀਆਂ ਨੂੰ ਹਰ ਆਧੁਨਿਕ ਸਹੂਲਤ ਅਤੇ ਸਕੂਲਾਂ ਵਿਚ ਅਤਿਆਧੁਨਿਕ ਬੁਨਿਆਦੀ ਢਾਂਚਾ ਉਪਲਬੱਧ ਕੀਤਾ ਹੈ। ਇਸ ਮੌਕੇ ਪ੍ਰਿੰਸੀਪਲ ਮਲਕੀਅਤ ਕੌਰ, ਪ੍ਰਿੰਸੀਪਲ ਰਮਨਦੀਪ, ਪਿੰਡ ਫਲਾਹੀ ਦੇ ਸਰਪੰਚ ਲਖਵੀਰ ਕੌਰ, ਸਲੇਮਪੁਰ ਦੇ ਸਰਪੰਚ ਮੇਜਰ ਸਿੰਘ, ਬੱਠੀਆਂ ਦੇ ਸਰਪੰਚ ਸਵਿਤਾ, ਜੋਗਿੰਦਰ ਪਾਲ, ਸਾਬਕਾ ਸਰਪੰਚ ਸੁਰਜੀਤ ਲਾਲ, ਸਰਪੰਚ ਸੀਤਲ ਸਿੰਘ, ਸਰਪੰਚ ਅਮਰਜੀਤ ਸਿੰਘ, ਸਰਪੰਚ ਕੁਲਦੀਪ ਕੌਰ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮੰਗਤ ਰਾਮ, ਮਾਇਆ ਦੇਵੀ, ਮਨਜੀਤ ਕੌਰ ਆਦਿ ਵੀ ਮੌਜੂਦ ਸਨ।