ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਹੁਣ ਉਨ੍ਹਾਂ ਖਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਹੋਇਆ ਹੈ। ਇਸ ਕੇਸ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਸੋਮਵਾਰ ਸ਼ਾਮ ਚੰਡੀਗੜ੍ਹ ਦੇ ਸੈਕਟਰ-20 ਸਥਿਤ ਸੁਮੇਧ ਸੈਣੀ ਦੇ ਘਰ ਛਾਪਾ ਮਾਰਿਆ। ਰਾਤ 8 ਵਜੇ ਦੇ ਕਰੀਬ 20 ਤੋਂ 25 ਪੁਲਿਸ ਵਾਲੇ ਗੱਡੀਆਂ 'ਚ ਪਹੁੰਚੇ ਤੇ ਸੈਣੀ ਦੀ ਕੋਠੀ ਨੂੰ ਘੇਰ ਲਿਆ। ਕੋਠੀ ਦੇ ਮੁੱਖ ਗੇਟ ਤੋਂ ਇਲਾਵਾ ਵਿਜੀਲੈਂਸ ਟੀਮ ਨੇ ਪਿਛਲੇ ਪਾਸੇ ਨੂੰ ਵੀ ਘੇਰ ਲਿਆ। ਹਾਲਾਂਕਿ ਵਿਜੀਲੈਂਸ ਟੀਮ ਤੁਰੰਤ ਘਰ 'ਚ ਦਾਖਲ ਨਹੀਂ ਹੋ ਸਕੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸੈਣੀ ਮੁਹਾਲੀ ਦੇ ਸਿੱਖ ਨੌਜਵਾਨ ਬਲਵੰਤ ਸਿੰਘ ਮੁਲਤਾਨੀ ਨੂੰ ਜ਼ਬਰਦਸਤੀ ਘਰੋਂ ਚੁੱਕ ਕੇ ਕਥਿਤ ਤੌਰ ’ਤੇ ਮੌਤ ਦੇ ਘਾਟ ਉਤਾਰਨ ਤੇ ਬੇਅਦਬੀ ਤੇ ਗੋਲੀ ਕਾਂਡ ਦੇ ਕੇਸਾਂ ਵਿੱਚ ਘਿਰੇ ਹੋਏ ਹਨ। ਹੁਣ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਡੀਜੀਪੀ ਖ਼ਿਲਾਫ਼ ਆਮਦਨ ਤੋਂ ਵੱਧ ਸੰਪਤੀ ਜੁਟਾਉਣ ਦਾ ਨਵਾਂ ਕੇਸ ਮੁਹਾਲੀ ਦੇ ਵਿਜੀਲੈਂਸ ਥਾਣੇ ’ਚ ਦਰਜ ਕੀਤਾ ਗਿਆ ਹੈ।ਸੁਮੇਧ ਸਿੰਘ ਸੈਣੀ ਦੀ ਕੋਠੀ 'ਤੇ ਵਿਜੀਲੈਂਸ ਬਿਊਰੋ ਵੱਲੋਂ ਛਾਪੇਮਾਰੀ ਦੀ ਸੂਚਨਾ ਮਿਲਦੇ ਹੀ ਲੋਕ ਮੌਕੇ 'ਤੇ ਇਕੱਠੇ ਹੋ ਗਏ। ਜਿਸ ਸਮੇਂ ਛਾਪਾ ਮਾਰਿਆ ਗਿਆ, ਉਸ ਸਮੇਂ ਕੋਠੀ ਦਾ ਗੇਟ ਅੰਦਰੋਂ ਬੰਦ ਸੀ। ਵਿਜੀਲੈਂਸ ਅਧਿਕਾਰੀਆਂ ਵੱਲੋਂ ਦਰਵਾਜ਼ੇ ਦੀ ਘੰਟੀ ਵਜਾਉਣ 'ਤੇ ਇੱਕ ਬਜ਼ੁਰਗ ਕੋਠੀ ਤੋਂ ਬਾਹਰ ਆਇਆ ਤੇ ਦਰਵਾਜ਼ਾ ਖੋਲ੍ਹਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਜਦੋਂ ਤਕ ਉਸ ਦਾ ਵਕੀਲ ਨਹੀਂ ਆਉਂਦਾ, ਉਹ ਗੇਟ ਨਹੀਂ ਖੋਲ੍ਹੇਗਾ। ਕਰੀਬ 10 ਮਿੰਟ ਬਾਅਦ ਸੈਣੀ ਦੇ ਵਕੀਲ ਰਮਨਪ੍ਰੀਤ ਸੰਧੂ ਮੌਕੇ 'ਤੇ ਪਹੁੰਚੇ ਤੇ ਉਹਨਾਂ ਨੇ ਦੱਸਿਆ ਕਿ ਇਹ ਕੋਠੀ ਨਿੱਜੀ ਜਾਇਦਾਦ ਹੈ। ਵਿਜੀਲੈਂਸ ਅਫਸਰ ਨੂੰ ਪਹਿਲਾਂ ਸਥਾਨਕ ਪੁਲਿਸ ਨੂੰ ਬੁਲਾਉਣਾ ਚਾਹੀਦਾ ਹੈ, ਕਿਉਂਕਿ ਸਥਾਨਕ ਪੁਲਿਸ ਦੇ ਆਉਣ ਤੋਂ ਬਾਅਦ ਹੀ ਉਨ੍ਹਾਂ ਨੂੰ ਅੰਦਰ ਜਾਣ ਤੇ ਜਾਂਚ ਕਰਨ ਦੀ ਆਗਿਆ ਹੋਵੇਗੀ। ਸੈਣੀ ਦੇ ਵਕੀਲ ਨੇ ਵਿਜੀਲੈਂਸ ਅਧਿਕਾਰੀਆਂ ਨੂੰ ਸੈਣੀ ਵਿਰੁੱਧ ਦਰਜ ਐਫਆਈਆਰ ਦੀ ਕਾਪੀ ਦਿਖਾਉਣ ਲਈ ਵੀ ਕਿਹਾ। ਇਸ ਹੰਗਾਮੇ ਦੌਰਾਨ ਚੰਡੀਗੜ੍ਹ ਸੈਕਟਰ-19 ਥਾਣੇ ਦੇ ਐਸਐਚਓ ਮਲਕੀਤ ਕੁਮਾਰ ਪੁਲਿਸ ਮੁਲਾਜ਼ਮਾਂ ਸਮੇਤ ਮੌਕੇ 'ਤੇ ਪਹੁੰਚੇ। । ਸੰਧੂ ਨੇ ਮਾਮਲਾ ਪੁੱਛਿਆ ਪਰ ਵਿਜੀਲੈਂਸ ਅਧਿਕਾਰੀ ਕੁਝ ਵੀ ਕਹਿਣ ਲਈ ਤਿਆਰ ਨਹੀਂ ਸਨ।
ਕਰੀਬ ਪੌਣੇ ਘੰਟੇ ਬਾਅਦ ਰਾਤ 9:15 ਵਜੇ ਵਿਜੀਲੈਂਸ ਦੇ 2 ਅਧਿਕਾਰੀ, ਸਥਾਨਕ ਪੁਲਿਸ ਤੇ ਸੈਣੀ ਦੇ ਵਕੀਲ ਦੇ ਨਾਲ ਘਰ ਵਿੱਚ ਦਾਖਲ ਹੋਏ। ਕੋਠੀ ਦੇ ਕਮਰਿਆਂ ਤੋਂ ਇਲਾਵਾ ਟੀਮ ਨੇ ਪੋਰਟ ਤੇ ਗਾਰਡਨ 'ਚ ਰੱਖੇ ਗਮਲਿਆਂ ਤਕ ਦੀ ਵੀ ਤਲਾਸ਼ੀ ਲਈ। ਸੈਣੀ ਦੇ ਘਰ 'ਚ ਰੇਡ ਕਿਸ ਮਾਮਲੇ 'ਚ ਪਾਈ ਗਈ ਹੈ? ਵਿਜੀਲੈਂਸ ਬਿਊਰੋ ਦੇ ਅਧਿਕਾਰੀ ਇਸ ਬਾਰੇ ਕੁਝ ਵੀ ਦੱਸਣ ਲਈ ਤਿਆਰ ਨਹੀਂ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਆਪਣੀ ਕਾਰਵਾਈ ਪੂਰੀ ਕਰਨੀ ਹੈ, ਉਸ ਤੋਂ ਬਾਅਦ ਉਹ ਇਸ ਬਾਰੇ ਗੱਲ ਕਰਨਗੇ। ਇਹ ਵੀ ਚਰਚਾ ਹੈ ਕਿ ਸੈਣੀ ਖ਼ਿਲਾਫ ਜ਼ਮੀਨ ਨਾਲ ਜੁੜੇ ਭ੍ਰਿਸ਼ਟਾਚਾਰ ਦਾ ਤਾਜ਼ਾ ਮਾਮਲਾ ਦਰਜ ਕੀਤਾ ਗਿਆ ਹੈ।