ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ : ਡੀਐਸਪੀ ਦੀਨਾਨਗਰ
ਗੁਰਦਾਸਪੁਰ : ਕਸਬਾ ਦੀਨਾਨਗਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਿਚ ਗੋਲਕ ਦੇ ਪੈਸੇ ਨੂੰ ਲੈਕੇ ਇਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਮੌਜ਼ੂਦਾ ਪ੍ਰਧਾਨ ਨੇ ਇਸ ਵੀਡੀਓ ਨੂੰ ਲੈਕੇ ਵੱਡੇ ਖੁਲਾਸੇ ਕੀਤੇ ਹਨ। ਵਾਇਰਲ ਵੀਡੀਓ ਵਿੱਚ ਪੁਲਿਸ ਦੀ ਹਾਜ਼ਰੀ ਵਿੱਚ ਗੋਲਕ ਦੇ ਪੈਸੇ ਗਿਣੇ ਜਾ ਰਹੇ ਹਨ ਅਤੇ ਕੁਝ ਲੋਕਾਂ ਵਲੋਂ ਆ ਕੇ ਉਥੇ ਹੰਗਾਮਾ ਕੀਤਾ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਇੱਕ ਧਿਰ ਧੱਕੇਸ਼ਾਹੀ ਕਰ ਕੇ ਪੁਲਿਸ ਦੇ ਸਹਿਯੋਗ ਨਾਲ ਗੋਲਕ ਖੁਲਵਾ ਕੇ ਚੜ੍ਹਾਵੇ ਦੇ ਪੈਸੇ ਆਪਣੇ ਕਬਜ਼ੇ ਵਿੱਚ ਲੈ ਲੈਂਦਾ ਹੈ ਜਦੋਂ ਕਿ ਇਸ ਦੇ ਉਲਟ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਗੁਰੂ ਘਰ ਦਾ ਇਕ ਵੀ ਪੈਸਾ ਖੁਰਦ ਬੁਰਦ ਨਹੀਂ ਕੀਤਾ ਅਤੇ ਆਰੋਪ ਲਗਾਏ ਕਿ ਕੁਝ ਲੋਕ ਗੁਰਦੁਆਰਾ ਸਾਹਿਬ ਉਪਰ ਆਪਣਾ ਕਬਜਾ ਜਮਾਉਣ ਲਈ ਇਹ ਸੱਭ ਕੁਝ ਕਰ ਰਹੇ ਹਨ। ਉਹਨਾਂ ਕਿਹਾ ਕਿ ਮਾਨਯੋਗ ਅਦਾਲਤ ਨੇ ਉਹਨਾਂ ਦੀ ਕਮੇਟੀ ਨੂੰ ਹੀ ਗੁਰੂਦਵਾਰਾ ਸਾਹਿਬ ਦੀ ਸੇਵਾ ਕਰਨ ਦੇ ਹੁਕਮ ਜਾਰੀ ਕੀਤੇ ਹਨ ।
ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਮੌਜ਼ੂਦਾ ਪ੍ਰਧਾਨ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਹਰ ਵਾਰ ਦੀ ਤਰ੍ਹਾਂ ਪੁਲਿਸ ਪ੍ਰਸਾਸ਼ਨ ਦੀ ਅਤੇ ਕਮੇਟੀ ਮੈਂਬਰਾਂ ਦੀ ਹਾਜ਼ਰੀ ਵਿੱਚ ਗੋਲਕ ਖੋਲੀ ਜਾ ਰਹੀ ਸੀ। ਇਸ ਦੌਰਾਨ ਕੁੱਝ ਸ਼ਰਾਰਤੀ ਅਨਸਰਾਂ ਨੇ ਸੰਗਤ ਦਾ ਨਾਮ ਵਰਤ ਕੇ ਗੁਰਦੁਆਰਾ ਸਾਹਿਬ ਵਿੱਚ ਆ ਕੇ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਉਹ ਸਾਰੀ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਕਰ ਦਿਤੀ ਅਤੇ ਲੋਕਾ ਸਾਹਮਣੇ ਕਿਹਾ ਕਿ ਅਸੀਂ ਗੋਲਕ ਦੀ ਦੁਰਵਰਤੋਂ ਕਰਦੇ ਹਾਂ ਪਰ ਅਜਿਹਾਂ ਨਹੀਂ ਹੈ।ਉਹਨਾਂ ਦਸਿਆ ਕਿ ਜਿਹੜੇ ਲੋਕਾਂ ਨੇ ਗੁਰਦੁਆਰਾ ਸਾਹਿਬ ਵਿਚ ਹੰਗਾਮਾ ਕੀਤਾ ਹੈ ਉਹਨਾਂ ਦਾ ਗੁਰਦੁਆਰਾ ਸਾਹਿਬ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹਨਾਂ ਦਸਿਆ ਕਿ ਮਾਨਯੋਗ ਅਦਾਲਤ ਦੇ ਹੁਕਮਾਂ ਮੁਤਾਬਿਕ ਉਹਨਾਂ ਨੂੰ ਇਸ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜਿਸਦੇ ਉਹਨਾਂ ਕੋਲ ਲਿਖਤੀ ਆਰਡਰ ਹਨ ਅਤੇ ਉਹ ਇਕੱਲੇ ਗੋਲਕ ਨਹੀਂ ਖੋਲ ਰਹੇ ਸੀ, ਕਮੇਟੀ ਅਤੇ ਪੁਲਿਸ਼ ਪ੍ਰਸਾਸ਼ਨ ਦੀ ਹਾਜ਼ਰੀ ਵਿਚ ਗੋਲਕ ਖੋਲੀ ਜਾ ਰਹੀ ਸੀ।
ਅਦਾਲਤ ਵਿੱਚ ਮਾਮਲਾ ਹੋਣ ਦੇ ਬਾਵਜੂਦ, ਇੱਕ ਧਿਰ ਨੇ ਕੀਤੀ ਕਬਜਾ ਕਰਨ ਦੀ ਕੋਸ਼ਿਸ਼ : ਰਾਜਿੰਦਰ ਸਿੰਘ
ਇਸ ਮੌਕੇ ਰਾਜਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਅਦਾਲਤ ਵਿੱਚ ਹੋਣ ਦੇ ਬਾਵਜੂਦ ਇਕ ਧਿਰ ਵਲੋਂ ਇਸ ਗੁਰਦੁਆਰਾ ਸਾਹਿਬ ਦੀ ਲੋਕਲ ਪ੍ਰਬੰਧਕ ਕਮੇਟੀ ਤੇ ਕਬਜ਼ਾ ਕੀਤਾ ਗਿਆ ਹੈ। ਮਾਨਯੋਗ ਅਦਾਲਤ ਦੇ ਆਦੇਸ਼ਾਂ ਦੇ ਉਲਟ ਕੁੱਝ ਲੋਕ ਸੰਗਤ ਨੂੰ ਇਕ ਪਾਸੇ ਕਰ ਆਪਣੀ ਮਨਮਰਜ਼ੀ ਕਰ ਰਹੇ ਹਨ। ਰਜਿੰਦਰ ਸਿੰਘ ਨੇ ਆਰੋਪ ਲਗਾਏ ਕਿ ਉਹ ਸੰਗਤ ਦੀਆਂ ਭਾਵਨਾਂ ਨਾਲ ਖੇਡਦੇ ਹੋਏ ਗੁਰਦੁਆਰਾ ਸਾਹਿਬ ਦੀ ਗੋਲਕ ਦੀ ਰਾਸ਼ੀ ਅਤੇ ਚੜਾਵੇ ਦੀ ਦੁਰਵਰਤੋਂ ਕਰ ਰਹੇ ਹਨ ਅਤੇ ਆਪਣੀਆਂ ਮਨਮਰਜੀਆਂ ਕਰ ਰਹੇ ਹਨ। ਸੰਗਤ ਵਲੋਂ ਅਪੀਲ ਕੀਤੀ ਗਈ ਕਿ ਧਾਰਮਿਕ ਸਿੱਖ ਜਥੇਬੰਦੀਆਂ ਇਸ ਮਾਮਲੇ ਵਿਚ ਸਥਾਨਿਕ ਸੰਗਤ ਦੇ ਸੰਘਰਸ਼ ਨਾਲ ਜੁੜਨ। ਜਦਕਿ ਇਸ ਮਾਮਲੇ ਨੂੰ ਲੈਕੇ ਸੰਗਤ ਵਲੋਂ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਸ਼ਿਕਾਇਤ ਵੀ ਭੇਜੀ ਗਈ ਹੈ ਅਤੇ ਸਥਾਨਕ ਪੁਲਿਸ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਗਈ ਹੈ। ਉਥੇ ਹੀ ਸੰਗਤ ਦਾ ਆਰੋਪ ਹੈ। ਕੁਝ ਸਥਾਨਿਕ ਪੁਲਿਸ ਅਧਿਕਾਰੀ ਵੀ ਗੋਲਕ ਖੋਲ੍ਹਣ ਵਾਲੇ ਲੋਕਾਂ ਦੀ ਮਦਦ ਕਰ ਰਹੇ ਹਨ ਜਿਸ ਕਾਰਨ ਇਨ੍ਹਾਂ ਨੇ ਸ਼ਰੇਆਮ ਗੁਰਦੁਆਰਾ ਸਾਹਿਬ ਆ ਕੇ ਦੋ ਤਿੰਨ ਵਾਰ ਗੋਲਕ ਖੋਲਣ ਦੀ ਕਾਰਵਾਈ ਕੀਤੀ।
ਕੀ ਕਹਿਣਾ ਹੈ ਡੀਐਸਪੀ ਦੀਨਾਨਗਰ ਦਾ :
ਜਦੋਂ ਡੀ ਐਸ ਪੀ ਦੀਨਾਨਗਰ ਮੰਗਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਮੌਜੂਦਾ ਪ੍ਰਧਾਨ ਭਗਵਾਨ ਸਿੰਘ ਵੱਲੋਂ ਗੋਲਕ ਖੋਲ੍ਹਣ ਲਈ ਥਾਣੇ ਤੋਂ ਪੁਲਿਸ ਪ੍ਰੋਟੈਕਸ਼ਨ ਦੀ ਮੰਗ ਕੀਤੀ ਗਈ ਸੀ। ਇਸ ਲਈ ਉਥੇ ਪੁਲਿਸ਼ ਮੁਲਾਜਮ ਭੇਜੇ ਗਏ ਸੀ ਪਰ ਉਥੇ ਰਾਜਿੰਦਰ ਸਿੰਘ ਭੱਟੀ ਜੋ ਕਿ ਸੰਗਤ ਵੱਲੋਂ ਹਨ ਉਨ੍ਹਾਂ ਨੇ ਇਤਰਾਜ ਜਤਾਇਆ ਕਿ ਗੋਲਕ ਖੋਲ੍ਹਣ ਲੱਗਿਆਂ ਉਨ੍ਹਾਂ ਨੂੰ ਨਹੀਂ ਦੱਸਿਆ ਗਿਆ,ਜਿਸ ਕਰਕੇ ਉਥੇ ਵਿਵਾਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਹਾਈਕੋਰਟ ਵਿਚ ਵੀ ਗਿਆ ਅਤੇ ਹਾਈਕੋਰਟ ਨੇ ਗੁਰਦੁਆਰਾ ਸਾਹਿਬ ਦੀ ਸਾਰੀ ਜਿੰਮੇਵਾਰੀ ਪਹਿਲੀ ਕਮੇਟੀ ਮੌਕੇ ਰਹੇ ਪ੍ਰਧਾਨ ਭਗਵਾਨ ਸਿੰਘ ਨੂੰ ਸੌਂਪੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਕੋਈ ਵੀ ਗੋਲਕ ਨੂੰ ਨਹੀਂ ਖੋਲੇਗਾ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।