ਰਣਬੀਰ ਸਿੰਘ ਖੱਟੜਾ ਸਾਬਕਾ ਡੀ.ਆਈ.ਜੀ. ਪੰਜਾਬ ਪੁਲਿਸ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਪੜਤਾਲ ਕਰਨ ‘ਤੇ ਸੰਨ 2015 ਵਿੱਚ ਗਠਿਤ ਕੀਤੀ ਗਈ ਵਿਸ਼ੇਸ਼ ਜਾਂਚ ਕਮੇਟੀ ਦਾ ਮੁੱਖੀ ਬਣਾਇਆ ਗਿਆ ਸੀ। ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਸੰਬੰਧ ਵਿੱਚ ਸ਼੍ਰੀ ਅਕਾਲ ਸਾਹਿਬ ਵਿਖੇ ਸਿੱਖ ਜੱਥੇਬੰਦੀਆਂ ਦੀ ਮੀਟਿੰਗ ਵਿੱਚ ਸ਼ਾਮਿਲ ਹੋਣ ਸਮੇਂ ਉਹ ਪਹਿਲੀ ਵਾਰ ਖੁੱਲ੍ਹਦੇ ਬੋਲੇ। ਸਾਬਕਾ ਡੀ.ਆਈ.ਜੀ ਖੱਟੜਾ ਨੇ ਸ਼੍ਰੀ ਅਕਾਲ ਤਖਤ ‘ਤੇ ਇਸ ਸਬੰਧੀ ਕਈ ਅਹਿਮ ਖੁਲਾਸੇ ਕੀਤੇ। ਉਹਨਾਂ ਅਕਾਲ ਤਖਤ ਵੱਲੋਂ ਮਿਲੇ ਸੱਦੇ ਦੇ ਸੰਬੰਧ ਵਿੱਚ ਦੱਸਿਆ ਕਿ ਉਹ ਪਿਛਲੇ 6 ਸਾਲਾਂ ਤੋਂ ਇਸ ਸੱਦੇ ਦੀ ਉਡੀਕ ਵਿੱਚ ਸੀ। ਉਹਨਾਂ ਕਿਹਾ ਕਿ 30 ਨਵੰਬਰ 2015 ਨੂੰ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਉੱਤੇ ਜਾਂਚ ਸੌਂਪੀ ਗਈ ਸੀ ਅਤੇ ਉਹਨਾਂ ਨੇ ਗੁਰੂ ਨੂੰ ਹਾਜ਼ਰ-ਨਾਜ਼ਰ ਮੰਨਕੇ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀ ਜਾਂਚ ਕੀਤੀ ਸੀ। ਉਹਨਾਂ ਦੱਸਿਆ ਕਿ ਜਾਂਚ ਸ਼ੁਰੂ ਕਰਨ ਦੇ ਸਾਢੇ 3 ਸਾਲਾਂ ਮਗਰੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਸਲ ਦੋਸ਼ੀਆਂ ਨੂੰ ਪਛਾਣ ਲਿਆ ਸੀ। ਡੀ.ਆਈ.ਜੀ ਖੱਟੜਾ ਨੇ ਖੁਲਾਸਾ ਕੀਤਾ ਕਿ ਬੇਅਦਬੀ ਦੀਆਂ ਘਟਨਾਵਾਂ ਨੂੰ ਸਵੇਰੇ ਚਾਰ ਵਜੇ ਤੋਂ ਪੰਜ ਵਜੇ ਦੇ ਵਿੱਚ-ਵਿੱਚ ਅੰਜਾਮ ਦਿੱਤਾ ਗਿਆ ਸੀ। ਕੇਸ ਨਾਲ ਜੁੜੇ ਡੇਰਾ ਸੱਚਾ ਸੌਦਾ ਦੇ 28 ਡੇਰਾ ਪ੍ਰੇਮੀ ਗ੍ਰਿਫਤਾਰ ਕਰ ਲਏ ਗਏ। ਉਹਨਾਂ ਅਹਿਮ ਖੁਲਾਸਾ ਕੀਤਾ ਕਿ ਐੱਫ.ਆਈ.ਆਰ ਨੰਬਰ 63 ਦਰਜ ਕਰਕੇ ਡੇਰਾ ਮੁੱਖੀ ਰਾਮ ਰਹੀਮ ਨੂੰ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਮੁੱਖ ਮੁਲਜ਼ਮ ਨਾਮਜ਼ਦ ਕੀਤਾ ਗਿਆ, ਪਰ ਹੁਣ ਡੇਰਾ ਮੁੱਖੀ ਨੂੰ ਮੁਲਜ਼ਮਾਂ ਦੀ ਸੂਚੀ ਵਿੱਚੋਂ ਹਟਾ ਦਿੱਤਾ ਗਿਆ ਹੈ। ਸਾਬਕਾ ਡੀ.ਆਈ.ਜੀ ਖੱਟੜਾ ਨੇ ਹੈਰਾਨੀ ਪ੍ਰਗਟਾਉਂਦੇ ਹੋਏ ਦੱਸਿਆ ਕਿ ਬਰਗਾੜੀ ਬੇਅਦਬੀ ਕਾਂਡ ਨਾਲ ਸਬੰਧਿਤ ਐੱਫ.ਆਈ.ਆਰ ਨੰ: 117 ਅਤੇ 128 ਰਾਹੀਂ ਪੇਸ਼ ਕੀਤੇ ਗਏ ਮੌਜੂਦਾ ਚਲਾਣ ਵਿੱਚ ਵੀ ਡੇਰਾ ਮੁੱਖੀ ਦੇ ਨਾਂ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਉਹਨਾਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਬਹੁਤ ਹੀ ਵਿਉਂਤ ਨਾਲ ਕੀਤੀਆਂ ਗਈਆਂ ਹਨ।