ਰਾਏਕੋਟ, 11 ਸਤੰਬਰ (ਗੁਰਭਿੰਦਰ ਗੁਰੀ) : ਨਜ਼ਦੀਕੀ ਪਿੰਡ ਝੋਰੜਾਂ 'ਚ ਕੁਝ ਦਿਨ ਪਹਿਲਾਂ ਰਾਤ ਨੂੰ ਕੀਤੇ ਕਤਲ ਦੀ ਗੁੱਥੀ ਹਠੂਰ ਪੁਲਿਸ ਵੱਲੋਂ ਦੋ ਦਿਨਾਂ ਵਿਚ ਸੁਲਝਾ ਲਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ ਨੇ ਦੱਸਿਆ ਕਿ ਬੀਤੇ ਬੁੱਧਵਾਰ ਦੀ ਰਾਤ ਨੂੰ ਇੰਦਰਜੀਤ ਸਿੰਘ (36) ਪੁੱਤਰ ਗੁਰਮੁੱਖ ਸਿੰਘ ਵਾਸੀ ਝੋਰੜਾਂ ਦਾ ਕਤਲ ਹੋ ਗਿਆ ਸੀ ਅਤੇ ਮ੍ਰਿਤਕ ਦੀ ਪਤਨੀ ਕਿਰਨਪ੍ਰੀਤ ਕੌਰ ਪੁਲਿਸ ਕੋਲ ਵਾਰ-ਵਾਰ ਝੂਠ ਬੋਲ ਰਹੀ ਸੀ ਕਿ ਇਹ ਕੁਦਰਤੀ ਮੌਤ ਹੈ ਤਾਂ ਮ੍ਰਿਤਕ ਦੀ ਮਾਤਾ ਬਲਵੀਰ ਕੌਰ ਪਤਨੀ ਗੁਰਮੁੱਖ ਸਿੰਘ ਦੇ ਬਿਆਨਾ ਦੇ ਅਧਾਰ ਤੇ ਪੁਲਿਸ ਥਾਣਾ ਹਠੂਰ ਵਿਖੇ ਦਫਾ 174 ਦੀ ਕਾਰਵਾਈ ਕਰ ਦਿੱਤੀ ਸੀ, ਪਰ ਹਠੂਰ ਪੁਲਿਸ ਨੇ ਵਾਰਦਾਤ ਸਮੇਂ ਕੀਤੀਆ ਫੋਨ ਕਾਲਾਂ ਦੇ ਅਧਾਰ ਤੇ ਜਦੋ ਮ੍ਰਿਤਕ ਦੀ ਪਤਨੀ ਕਿਰਨਪ੍ਰੀਤ ਕੌਰ ਤੋ ਸਖਤੀ ਨਾਲ ਪੁਛਗਿੱਛ ਕੀਤੀ ਤਾਂ ਉਸ ਨੇ ਕਬੂਲ ਕੀਤਾ ਕਿ ਮ੍ਰਿਤਕ ਇੰਦਰਜੀਤ ਸਿੰਘ (36) ਪੁੱਤਰ ਗੁਰਮੁੱਖ ਸਿੰਘ ਵਾਸੀ ਝੋਰੜਾਂ ਨੂੰ ਉਸਨੇ ਤੇ ਮ੍ਰਿਤਕ ਦੇ ਮਾਮੇ ਦੇ ਲੜਕੇ ਹਰਦੀਪ ਸਿੰਘ ਨੇ ਗਲਾ ਘੁੱਟ ਕੇ ਕਤਲ ਕੀਤਾ ਹੈ। ਜਿਨ੍ਹਾਂ ਦੇ ਆਪਸ ਵਿਚ ਪ੍ਰੇਮ ਸਬੰਧ ਸਨ ਅਤੇ ਇੰਦਰਜੀਤ ਸਿੰਘ ਨੂੰ ਕਤਲ ਕਰਕੇ ਖੁਦ ਦੋਵੇ ਵਿਆਹ ਕਰਵਾਉਣਾ ਚਾਹੁੰਦੇ ਸਨ। ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਬਲਵੀਰ ਕੌਰ ਪਤਨੀ ਗੁਰਮੁੱਖ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਪੁਲਿਸ ਥਾਣਾ ਹਠੂਰ ਵਿਖੇ ਮ੍ਰਿਤਕ ਦੀ ਪਤਨੀ ਕਿਰਨਪ੍ਰੀਤ ਕੌਰ ਪੁੱਤਰੀ ਅਜੀਤ ਸਿੰਘ ਵਾਸੀ ਸੱਦਾ ਸਿੰਘ ਵਾਲਾ (ਮੋਗਾ)ਅਤੇ ਹਰਦੀਪ ਸਿੰਘ ਪੁੱਤਰ ਨਾਜਰ ਸਿੰਘ ਪਿੰਡ ਅਬਦੁੱਲਾਪੁਰ, ਚੁਹਾਣ ਕਲਾਂ ਪੁਲਿਸ ਥਾਣਾ ਸੰਦੋੜ (ਮਾਲੇਰਕੋਟਲਾ) ਖਿਲਾਫ਼ ਮੁਕੱਦਮਾ ਨੰਬਰ 83, ਧਾਰਾ 302, 34 ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਦੋਵੇ ਦੋਸ਼ੀਆਂ ਤੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।